ਕਾਨੂੰਨ ਤਾਂ ਸਾਰੇ ਦੇਸ਼ ਵਿਚ ਲਾਗੂ ਹੋ ਚੁੱਕਾ ਹੈ, ਅਸੈਂਬਲੀ ਵਖਰਾ ਕਾਨੂੰਨ ਪਾਸ ਨਹੀਂ ਕਰ ਸਕਦੀ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਰਾਤ ਨੂੰ ਇਕ ਟੀਵੀ ਚੈਨਲ 'ਤੇ ਕਿਹਾ ਕਿ ਕਿਸਾਨ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ ਤਾਂ ਆ ਜਾਣ, ਮੈਂ ਮਿਲਣ ਨੂੰ ਤਿਆਰ ਹਾਂ। ਪਰ ਖੇਤੀ ਕਾਨੂੰਨ ਸਾਰੇ ਦੇਸ਼ ਵਿਚ ਲਾਗੂ ਹੋ ਚੁੱਕਾ ਹੈ ਤੇ ਕੋਈ ਅਸੈਂਬਲੀ ਇਸ ਨੂੰ ਰੱਦ ਨਹੀਂ ਕਰ ਸਕਦੀ।
ਖੇਤੀ ਮੰਤਰੀ ਨੇ ਕਿਹਾ ਕਿ ਕਾਨੂੰਨ ਵਿਚ ਕੋਈ ਖ਼ਰਾਬੀ ਨਹੀਂ ਤੇ ਕਾਂਗਰਸ ਵਾਲੇ ਕਿਸਾਨਾਂ ਨੂੰ ਐਵੇਂ ਭੜਕਾ ਰਹੇ ਨੇ ਤੇ ਕੁਰਾਹੇ ਪਾ ਰਹੇ ਨੇ।
ਖੇਤੀ ਮੰਤਰੀ ਨੇ ਕਿਹਾ ਕਿ ਪਿਛਲੀ ਮੀਟਿੰਗ ਸੈਕਟਰੀ ਨੇ ਬੁਲਾਈ ਸੀ ਤੇ ਉਸ ਨੇ ਹੀ ਗੱਲਬਾਤ ਕਰਨੀ ਸੀ, ਕਿਸੇ ਮਨਿਸਟਰ ਨਾਲ ਗੱਲ ਕਰਨੀ ਤੈਅ ਹੀ ਨਹੀਂ ਸੀ ਹੋਈ ਤਾਂ ਮਨਿਸਟਰ ਕਿਵੇਂ ਆ ਜਾਂਦਾ? ਖੇਤੀ ਮੰਤਰੀ ਨੇ ਕਿਹਾ ਕਿ ਸੈਕਟਰੀ ਨੇ ਸਿਰਫ਼ ਕਿਸਾਨਾਂ ਦਾ ਰੁਖ਼ ਜਾਣਨਾ ਸੀ ਤੇ ਮਨਿਸਟਰ ਨੂੰ ਭੇਜਣਾ ਸੀ। ਕਿਸਾਨ ਆਗੂ ਚੰਗੇ ਮਾਹੌਲ ਵਿਚ ਮਿਲੇ, ਮੈਮੋਰੈਂਡਮ ਦਿਤਾ, ਚਾਹ ਪੀਤੀ ਤੇ ਫ਼ੋਟੋ ਖਿਚਵਾ ਕੇ ਚਲੇ ਗਏ। ਕੋਈ ਕੜਿਤੱਣ ਨਹੀਂ ਸੀ।
ਬਾਹਰ ਜਾ ਕੇ, ਕਿਸੇ ਹੋਰ ਦੇ ਕਹਿਣ ਤੇ ਉਨ੍ਹਾਂ ਨੇ ਕਹਿ ਦਿਤਾ ਕਿ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ। ਜਦ ਏਜੰਡਾ ਹੀ ਸੈਕਟਰੀ ਨਾਲ ਗੱਲਬਾਤ ਕਰਨ ਦਾ ਸੀ ਤੇ ਸੱਦਾ ਪੱਤਰ ਵਿਚ ਵੀ ਇਹੀ ਲਿਖਿਆ ਸੀ ਤਾਂ ਇਹ ਅਪਮਾਨ ਕਿਵੇਂ ਹੋ ਗਿਆ।