
ਭਾਰਤੀ ਫ਼ੌਜ ਮੁਖੀ ਜਨਰਲ ਨਰਵਣੇ ਦੀ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਭਾਰਤ ਤੇ ਨੇਪਾਲ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ
ਕਾਠਮਾਂਡੂ, 6 ਨਵੰਬਰ : ਭਾਰਤੀ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਸ਼ੁਕਰਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਪੀ. ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ 'ਤੇ ਚਰਚਾ ਕੀਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਇਥੇ ਦਿਤੀ। ਨੇਪਾਲੀ ਫ਼ੌਜ ਦੇ ਸੂਤਰਾਂ ਨੇ ਦਸਿਆ ਕਿ ਨਰਵਣੇ ਅਤੇ ਓਲੀ ਵਿਚਾਲੇ ਬੈਠਕ ਬਾਲੁਵਾਟਾਰ ਸਥਿਤ ਉਨ੍ਹਾਂ ਦੇ ਅਧਿਕਾਰਤ ਨਿਵਾਸ 'ਤੇ ਹੋਈ।
ਸੂਤਰਾਂ ਨੇ ਦਸਿਆ ਕਿ ਜਨਰਲ ਨਰਵਣੇ ਤਿੰਨ ਰੋਜ਼ਾ ਯਾਤਰਾ 'ਤੇ ਇਥੇ ਆਏ ਹਨ। ਉਨ੍ਹਾਂ ਨੇ ਇਸ ਤੋਂ ਪਹਿਲੇ ਦਿਨ ਪਹਾੜਾਂ ਉਪਰ ਇਕ ਉਡਾਣ ਦਾ ਆਨੰਦ ਲਿਆ ਅਤੇ ਉਹ ਇਸ ਦੌਰਾਨ ਦੁਨੀਆਂ ਦੀ ਸੱਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਪ੍ਰਵੇਸ਼ ਦੁਆਰ ਸਿਆਂਗਬੋਚੇ ਹਵਾਈ ਅੱਡੇ 'ਤੇ ਥੋੜ੍ਹੇ ਸਮੇਂ ਲਈ ਰੁਕੇ।
ਸੂਤਰਾਂ ਨੇ ਦਸਿਆ ਕਿ ਜਨਰਲ ਲਰਵਣੇ ਨੇ ਕਾਠਮਾਂਡੂ ਦੇ ਬਾਹਰੀ ਇਲਾਕੇ ਸ਼ਿਵਪੁਰੀ ਵਿਚ ਫ਼ੌਜੀ ਕਮਾਨ ਅਤੇ ਸਟਾਫ਼ ਕਾਲਜ ਵਿਚ ਮੱਧਮ ਪੱਧਰ ਦੇ ਸਿਖਲਾਈ ਪ੍ਰਾਪਤ ਅਧਿਕਾਰੀਆਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਨੇ ਇਸ ਦੌਰਾਨ ਅਧਿਕਾਰੀਆਂ ਨਾਲ ਉਨ੍ਹਾਂ ਦੇ ਤਜ਼ਰਬੇ ਵੀ ਸਾਂਝੇ ਕੀਤੇ। ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਭਾਰਤੀ ਥਲ ਫ਼ੌਜ ਪ੍ਰਮੁਖ ਜਨਰਲ ਐਮ ਐਮ ਨਰਵਣੇ ਨੂੰ ਵੀਰਵਾਰ ਨੂੰ ਇਥੇ ਇਕ ਵਿਸ਼ੇਸ਼ ਸਮਾਗਮ ਵਿਚ ਨੇਪਾਲੀ ਫ਼ੌਜ ਦੇ ਜਨਰਲ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਸੀ।
ਇਹ ਦਹਾਕਿਆਂ ਪੁਰਾਣੀ ਰਵਾਇਤ ਹੈ ਜੋ ਦੋਹਾਂ ਫ਼ੌਜਾਂ ਵਿਚਾਲੇ ਮਜ਼ਬੂਤ ਸਬੰਧਾਂ ਨੂੰ ਦਰਸਾਉਂਦਾ ਹੈ।
ਜਨਰਲ ਨਰਵਣੇ ਦੀ ਇਸ ਯਾਤਰਾ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਨਵੇਂ ਸਿਰੇ ਤੋਂ ਤਾਲਮੇਲ ਸਥਾਪਤ ਕਰਨਾ ਵੀ ਹੈ। ਯਾਦ ਰਹੇ ਕਿ ਨੇਪਾਲ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਇਕ ਨਵੇਂ ਸਿਆਸੀ ਨਕਸ਼ਾ ਜਾਰੀ ਕੀਤਾ ਸੀ ਜਿਸ ਵਿਚ ਉਤਰਾਖੰਡ ਦੇ ਕਈ ਖੇਤਰਾਂ ਨੂੰ ਅਪਣਾ ਹਿੱਸਾ ਦਸਿਆ ਸੀ ਜਿਸ ਤੋਂ ਬਾਅਦ ਦੋਹਾਂ ਗੁਆਂਢੀ ਦੇਸ਼ਾਂ ਵਿਚਾਲੇ ਤਲਖ਼ੀ ਆ ਗਈ ਸੀ। (ਪੀਟੀਆਈ)