
ਕਾਂਗਰਸ ਵਲੋਂ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਹਰਿਆਣਾ ਵਿਧਾਨ ਸਭਾ ਅੰਦਰ ਤੇ ਬਾਹਰ ਜ਼ੋਰਦਾਰ ਪ੍ਰਦਰਸ਼ਨ
ਸੱਤਾ ਧਿਰ ਨੇ ਸਦਨ 'ਚ ਲਿਆਂਦਾ ਸੀ ਕੇਂਦਰ ਦੇ ਧਨਵਾਦ ਦਾ ਮਤਾ, ਹੰਗਾਮੇ 'ਚ ਕਾਰਵਾਈ ਮੁਲਤਵੀ ਕਰਨੀ ਪਈ
ਚੰਡੀਗੜ੍ਹ, 6 ਨਵੰਬਰ (ਗੁਰਉਪਦੇਸ਼ ਭੁੱਲਰ) : ਅੱਜ ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਕੇਂਦਰੀ ਖੇਤੀ ਕਾਨੂੰਨਾਂ ਦਾ ਮੁੱਦਾ ਹੀ ਹੰਗਾਮੇ ਦਾ ਕਾਰਨ ਬਣਿਆ। ਕਾਂਗਰਸ ਵਲੋਂ ਕੇਂਦਰੀ ਕਾਨੂੰਨਾਂ ਦੇ ਵਿਰੋਧ 'ਚ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਸਦਨ ਦੇ ਅੰਦਰ ਤੇ ਬਾਹਰ ਜ਼ੋਰਦਾਰ ਹੰਗਾਮਾ ਤੇ ਪ੍ਰਦਰਸ਼ਨ ਕੀਤੇ ਗਏ। ਅੱਜ ਸੈਸ਼ਨ ਦੌਰਾਨ 7 ਬਿਲ ਵੀ ਸ਼ੋਰ ਸ਼ਰਾਬੇ 'ਚ ਹੀ ਪਾਸ ਕਰ ਦਿਤੇ ਗਏ। ਇਨ੍ਹਾਂ 'ਚ ਸੱਭ ਤੋਂ ਅਹਿਮ ਬਿਲ ਮਹਿਲਾਵਾਂ ਨੂੰ ਪੰਚਾਇਤੀ ਚੋਣਾਂ ਵਿਚ 50 ਫ਼ੀ ਸਦੀ ਰਾਖਵਾਂਕਰਨ ਦੇਣ ਬਾਰੇ ਹੈ। ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਧਨਵਾਦ ਦਾ ਮਤਾ ਸਦਨ ਵਿਚ ਸੱਤਾ ਧਿਰ ਵਲੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਰਾਹੀਂ ਪੇਸ਼ ਕੀਤਾ ਗਿਆ ਸੀ।
ਇਸ ਦਾ ਕਾਂਗਰਸੀ ਮੈਂਬਰਰਾਂ ਨੇ ਜ਼ੋਰਦਾਰ ਵਿਰੋਧ ਕਰਦਿਆਂ ਵੋਟਿੰਗ ਦੀ ਮੰਗ ਕੀਤੀ। ਕਾਂਗਰਸੀ ਮੈਂਬਰਾਂ ਦਾ ਇਹਵੀ ਇਤਰਾਜ਼ ਸੀ ਕਿ ਉਨ੍ਹਾਂ ਦਾ ਇਸ ਸਬੰਧੀ ਬਿਲ ਰੱਦ ਕਰ ਦਿਤਾ ਗਿਆ ਸੀ ਪਰ ਅੱਜ ਸੱਤਾ ਧਿਰ ਵਲੋਂ ਲਿਆਂਦਾ ਗਿਆ ਹੈ। ਇਸ 'ਤੇ ਭਾਰੀ ਹੰਗਾਮੇ ਦੇ ਚਲਦਿਆਂ ਸਪੀਕਰ ਨੂੰ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰਨੀ ਪਈ। ਇਸ ਤੋਂ ਬਾਅਦ ਹੁੱਡਾ ਨੇ ਰੱਲੇ ਰੱਪੇ 'ਚ ਐਲਾਨ ਕੀਤਾ ਕਿ ਉਹ ਤਿੰਨੇ ਕੇਂਦਰੀ ਕਾਨੂੰਨ ਰੱਦ ਕਰਦੇ ਹਨ ਅਤੇ ਇਸ 'ਚ ਅਜਿਹੀ ਕਿਸਾਨ ਪੱਖੀ ਗੱਲ ਨਹੀਂ, ਜਿਸ ਲਈ ਧਨਵਾਦ ਮਤਾ ਪਾਸ ਕੀਤਾ ਜਾਵੇ। ਇਸੇ ਦੌਰਾਨ ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸੀ ਮੈਂਬਰਾਂ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹਾਈਕੋਰਟ ਚੌਕ ਤੋਂ ਵਿਧਾਨ ਸਭਾ ਤਕ ਰੋਸ ਮਾਰਚ ਵੀ ਕੀਤਾ। ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਸੋਨੀਪਤ 'ਚ ਹੋਏ ਸ਼ਰਾਬ ਕਾਂਡ ਤੇ ਨਿਤਿਕਾ ਹਤਿਆ ਕਾਂਡ ਦੇ ਮੁੱਦੇ ਵੀ ਵਿਰੋਧੀ Photoਧਿਰ ਉਠਾਏ ਗਏ।