
ਟਰੈਕ ਮਾਲ ਗੱਡੀਆਂ ਲਈ ਖ਼ਾਲੀ ਕੀਤੇ ਹਨ ਮੁਸਾਫਰ ਗੱਡੀਆਂ ਲਈ ਨਹੀਂ : ਰਾਜੇਵਾਲ
ਚੰਡੀਗੜ੍ਹ, 6 ਨਵੰਬਰ (ਗੁਰਉਪਦੇਸ਼ ਭੁੱਲਰ) : 30 ਕਿਸਾਨ ਜਥੇਬੰਦੀਆਂ 'ਚ ਸ਼ਾਮਲ ਪ੍ਰਮੁੱਖ ਯੂਨੀਅਨ ਦੇ ਪ੍ਰਧਾਨ ਅਤੇ ਕਿਸਾਨਾਂ ਦੀ ਕੌਮੀ ਪੱਧਰ 'ਤੇ ਬਣੀ 5 ਮੈਂਬਰੀ ਕਿਸਾਨ ਐਕਸ਼ਨ ਕਮੇਟੀ ਦੇ ਮੈਂਬਰ ਬਲਵੀਰ ਸਿੰਘ ਰਾਜੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਦੇ ਆਰਥਕ ਨੁਕਸਾਨ ਦੇ ਮੱਦੇਨਜ਼ਰ ਲੋਕ ਹਿਤਾਂ ਨੂੰ ਵੇਖ ਕੇ ਮਾਲ ਗੱਡੀਆਂ ਚਲਾਉਣ ਲਈ ਹੀ ਟਰੈਕ ਖਾਲੀ ਕੀਤੇ ਗਏ ਹਨ ਪਰ ਮੁਸਾਫਰ ਗੱਡੀਆਂ ਨੂੰ ਕੋਈ ਛੋਟ ਨਹੀਂ ਦਿਤੀ ਗਈ। ਮੁਸਾਫਰ ਗੱਡੀਆਂ ਬਾਰੇ 30 ਜਥੇਬੰਦੀਆਂ ਦੇ ਫ਼ੈਸਲੇ 'ਚ ਕੋਈ ਤਬਦੀਲੀ ਨਹੀਂ ਅਤੇ ਇਨ੍ਹਾਂ ਨੂੰ ਚੱਲਣ ਦੀ ਆਗਿਆ ਨਹੀਂ ਦਿਤੀ ਜਾਵੇਗੀ। ਜੇ ਸਰਕਾਰ ਨੇ ਮਾਲ ਗੱਡੀਆਂ ਨਾਲ ਮੁਸਾਫਰ ਗੱਡੀਆਂ ਵੀ ਜ਼ਬਰਦਸਤੀ ਚਲਾਉਣ ਦਾ ਯਤਨ ਕੀਤਾ ਤਾਂ ਕਿਸਾਨ ਮੁੜ ਟਰੈਕਾਂ 'ਤੇ ਆ ਸਕਦੇ ਹਨ। ਮਾਲ ਗੱਡੀਆਂ 'ਤੇ ਕੋਈ ਰੋਕ ਨਹੀਂ ਤੇ ਸੱਭ ਟਰੈਕ ਖ਼ਾਲੀ ਹਨ। ਕਿਸਾਨਾਂ ਨੇ ਅਪਣੇ ਧਰਨੇ ਵੀ ਰੇਲਵੇ ਸਟੇਸ਼ਨਾਂ ਦੇ ਅੰਦਰੋਂ ਪਲੇਟ ਫ਼ਾਰਮਾਂ ਤੋਂ ਚੁੱਕ ਕੇ ਬਾਹਰ ਪਾਰਕਿੰਗ ਵਰਗੇ ਸਥਾਨਾਂ 'ਤੇ ਲਾ ਲਏ ਹਨ ਤਾਂ ਜੋ ਕੇਂਦਰ ਨੂੰ ਮਾਲ ਗੱਡੀਆਂ ਨਾ ਚਲਾਉਣ ਦਾ ਕੋਈ ਬਹਾਨਾ ਨਾ ਮਿਲੇ।
Photo