
ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਵਲੋਂ ਕੇਂਦਰ ਸਰਕਾਰ ਤੋਂ ਗੁਰਪੁਰਬ ਤੋਂ ਪਹਿਲਾ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੀ ਮੰਗ
ਕਲਾਨੌਰ, 7 ਨਵੰਬਰ (ਗੁਰਦੇਵ ਸਿੰਘ ਰਜਾਦਾ): ਕੇਂਦਰ ਸਰਕਾਰ ਨੂੰ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋਂ ਪਹਿਲਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦੇਣਾ ਚਾਹੀਦਾ ਹੈ। ਇਸ ਸਬੰਧੀ ਸਾਡੀ ਸੰਸਥਾਂ ਪਹਿਲਾ ਹੀ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਮ ਮੈਮੋਰੰਡਮ ਦੇ ਚੁੱਕੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਬਾਜਵਾ ਨੇ ਅੱਗੇ ਆਖਿਆ ਕਿ ਦੋ ਸਾਲ ਪਹਿਲਾ ਪਾਕਿਸਤਾਨ ਸਰਕਾਰ ਅਤੇ ਭਾਰਤ ਸਰਕਾਰ ਨੇ ਆਪਸੀ ਸਹਿਮਤੀ ਨਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤਾਂ ਦੇ ਦਰਸ਼ਨਾ ਲਈ ਖੋਲ੍ਹ ਦਿਤਾ ਸੀ। ਮਾਰਚ 2020 ਵਿਚ ਕੋਵਿਡ-19 ਕਰ ਕੇ ਦੇਸ਼ ਦੇ ਸਾਰੇ ਧਾਰਮਕ ਅਸਥਾਨਾਂ ਤੇ ਸੰਗਤਾਂ ਦੇ ਦਰਸ਼ਨਾਂ ਲਈ ਕੇਂਦਰ ਸਰਕਾਰ ਨੇ ਪਾਬੰਦੀ ਲਾ ਦਿਤੀ ਸੀ। ਪਰ ਹੁਣ ਤਕਰੀਬਨ ਪਿਛਲੇ ਇਕ ਸਾਲ ਤੋਂ ਦੇਸ਼ ਦੇ ਸਾਰੇ ਹੀ ਧਾਰਮਕ ਅਸਥਾਨਾਂ ਤੋਂ ਪਾਬੰਦੀ ਹਟਾ ਲਈ ਗਈ ਹੈ ਪਰ ਕੇਂਦਰ ਸਰਕਾਰ ਨੇ ਅਜੇ ਤਕ ਇਸ ਲਾਂਘੇ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿਤੀ। ਬਾਜਵਾ ਨੇ ਅੱਗੇ ਆਖਿਆ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰਖਦੇ ਹੋਏ ਸਾਡੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋਂ ਪਹਿਲਾ ਇਹ ਲਾਂਘਾ ਬਿਨਾਂ ਕਿਸੇ ਦੇਰੀ ਤੋਂ ਖੋਲ੍ਹਿਆ ਜਾਵੇ। ਇਸ ਮੌਕੇ ਇੰਜੀ. ਸੁਖਦੇਵ ਸਿੰਘ ਧਾਲੀਵਾਲ, ਬਾਬਾ ਗੁਰਮੇਜ ਸਿੰਘ ਦਾਬਾਵਾਲ, ਅਜਾਇਬ ਸਿੰਘ ਦਿਉਲ, ਨਿਰਮਲ ਸਿੰਘ ਸਾਗਰਪੁਰ, ਸੁਰਿੰਦਰ ਸਿੰਘ ਚਾਹਲ,ਅਮਰੀਕ ਸਿੰਘ ਖੈਹਿਰਾ ਆਦਿ ਹਾਜ਼ਰ ਸਨ।