
ਗੜ੍ਹੀ ਨੂੰ ਪਾਰਟੀ ਵਿਚੋਂ ਕੱਢਣ ਦਾ ਕੀਤਾ ਵਿਰੋਧ
BSP General Secretary Jaspreet Singh Bija left the party in Punjab: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦੇ ਵਿਰੁੱਧ ਪਾਰਟੀ ਅੰਦਰ ਬਗਾਵਤ ਸ਼ੁਰੂ ਹੋ ਗਈ ਹੈ। ਬਸਪਾ ਸੂਬਾ ਜਨਰਲ ਸਕੱਤਰ ਜਸਪ੍ਰੀਤ ਸਿੰਘ ਬੀਜਾ ਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇੱਥੋਂ ਤੱਕ ਕਿ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਦਾ ਐਲਾਨ ਕਰ ਦਿੱਤਾ।
ਇਹ ਅਸਤੀਫਾ ਪਾਰਟੀ ਸੁਪਰੀਮੋ ਮਾਇਆਵਤੀ ਨੂੰ ਭੇਜ ਦਿੱਤਾ ਗਿਆ ਹੈ। ਜਿਸ ਵਿੱਚ ਪੰਜਾਬ ਇੰਚਾਰਜ ਦੇ ਤੁਗਲਕੀ ਹੁਕਮ ਨੂੰ ਕਾਰਨ ਦੱਸਿਆ ਗਿਆ। ਬੀਜਾ ਸਾਬਕਾ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਕਾਫੀ ਕਰੀਬੀ ਹਨ। ਵਰਨਣਯੋਗ ਹੈ ਕਿ ਜਸਪ੍ਰੀਤ ਸਿੰਘ ਬੀਜਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਬਸਪਾ-ਸ਼੍ਰੋਮਣੀ ਅਕਾਲੀ ਦਲ ਗਠਜੋੜ ਵਿੱਚ ਪਾਇਲ ਤੋਂ ਲੜੀਆਂ ਸਨ। ਉਨ੍ਹਾਂ ਨੂੰ ਕਰੀਬ 21 ਹਜ਼ਾਰ ਵੋਟਾਂ ਮਿਲੀਆਂ। ਉਹ ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਪਾਰਟੀ ਇੰਚਾਰਜ ਵੀ ਸਨ।
20 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ
ਜਸਪ੍ਰੀਤ ਸਿੰਘ ਬੀਜਾ ਨੇ ਬਸਪਾ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੂੰ ਆਪਣਾ ਅਸਤੀਫਾ ਭੇਜਦੇ ਹੋਏ ਲਿਖਿਆ ਕਿ ਉਹ ਕਰੀਬ 20 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਸਨ। ਇਸ ਸਮੇਂ ਦੌਰਾਨ ਮੈਂ ਸੂਬਾ ਜਨਰਲ ਸਕੱਤਰ, ਸੂਬਾ ਸਕੱਤਰ, ਯੂਥ ਵਿੰਗ ਜ਼ਿਲ੍ਹਾ ਪ੍ਰਧਾਨ, ਹਲਕਾ ਪ੍ਰਧਾਨ ਯੂਥ ਵਿੰਗ, ਸੈਕਟਰ ਇੰਚਾਰਜ ਆਦਿ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ ਹਨ |
ਹਾਲ ਹੀ ਵਿੱਚ ਬਸਪਾ ਦੇ ਕੇਂਦਰੀ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਦੀ ਤਰਫੋਂ ਇੱਕ ਤੁਗਲਕੀ ਫ਼ਰਮਾਨ ਜਾਰੀ ਕਰਕੇ ਬਸਪਾ ਦੇ ਇਮਾਨਦਾਰ, ਮਿਹਨਤੀ ਅਤੇ ਤਜਰਬੇਕਾਰ ਆਗੂ ਜਸਵੀਰ ਸਿੰਘ ਗੜ੍ਹੀ ਨੂੰ ਇੱਕ ਸਾਜ਼ਿਸ਼ ਦੇ ਤਹਿਤ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਦਾ ਦੇਸ਼-ਵਿਦੇਸ਼ ਵਿਚ ਵਰਕਰਾਂ ਤੇ ਆਗੂਆਂ ਵਿੱਚ ਵਿਰੋਧ ਹੋ ਰਿਹਾ ਹੈ। ਇਸ ਕਾਰਨ ਉਹ ਆਪਣਾ ਅਸਤੀਫਾ ਦੇ ਰਹੇ ਹਨ।