
Jalandhar News: ਮੁਲਜ਼ਮਾਂ ਕੋਲੋਂ 2 ਪਿਸਤੌਲ ਤੇ 5 ਕਾਰਤੂਸ ਹੋਏ ਬਰਾਮਦ
Encounter between police and miscreants in Jalandhar news: ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸੰਗਠਿਤ ਅਪਰਾਧਾਂ ਵਿਰੁੱਧ ਚੱਲ ਰਹੀ ਜੰਗ ਤਹਿਤ ਇੱਕ ਵੱਡੀ ਕਾਰਵਾਈ ਕਰਦਿਆਂ ਕੌਸ਼ਲ-ਬੰਬੀਹਾ ਗੈਂਗ ਦੇ ਦੋ ਖਤਰਨਾਕ ਗੈਂਗਸਟਰਾਂ ਨੂੰ ਜਲੰਧਰ ਛਾਉਣੀ ਦੇ ਬਾਹਰਵਾਰ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਨਾਕਾਮ ਕੋਸ਼ਿਸ਼ ਕਦਿਆਂ ਕਾਬੂ ਕੀਤਾ ਗਿਆ , ਜਿਸ ਦੌਰਾਨ ਦੋਸ਼ੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ । ਇਹ ਜਾਣਕਾਰੀ ਦਿੰਦਿਆਂ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਮੌਕੇ ਤੋਂ ਦੋ ਪਿਸਤੌਲਾਂ ਸਮੇਤ 5 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।
ਜ਼ਿਕਰਯੋਗ ਹੈ ਕਿ ਉਕਤ ਗੈਂਗਸਟਰਾਂ, ਜਿਨ੍ਹਾਂ ਦੀ ਪਛਾਣ ਰਾਜੇਸ਼ਵਰ ਕੁਮਾਰ ਅਤੇ ਦੀਪਕ ਵੈਦ ਉਰਫ਼ ਬਾਬੂ ਵਜੋਂ ਹੋਈ ਹੈ, ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਥਾਣਾ ਭਾਰਗੋ ਕੈਂਪ ਵਿਖੇ 17 ਅਕਤੂਬਰ, 2024 ਨੂੰ ਦਰਜ ਹੋਏ ਅਸਲਾ ਐਕਟ ਦੇ ਕੇਸ ਦੀ ਤਫ਼ਤੀਸ਼ ਦੇ ਫਾਲੋਅੱਪ ਦੌਰਾਨ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਟੀਮਾਂ ਨੇ ਕੌਸ਼ਲ-ਬੰਬੀਹਾ ਮੋਡਿਊਲ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਚਾਰ ਹਥਿਆਰ ਬਰਾਮਦ ਹੋਏ ਸਨ। ਇਨ੍ਹਾਂ ਦੋਵਾਂ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਨਾਲ ਇਸ ਮਾਮਲੇ ਵਿੱਚ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ ਹੁਣ ਛੇ ਤੱਕ ਪਹੁੰਚ ਗਈ ਹੈ।
ਡੀਜੀਪੀ ਨੇ ਕਿਹਾ, “ਪੁਲਿਸ ਅਧਿਕਾਰੀਆਂ ਨੇ ਗੈਂਗਸਟਰਾਂ ਰਾਜੇਸ਼ਵਰ ਕੁਮਾਰ ਅਤੇ ਦੀਪਕ ਵੈਦ ਦਾ ਲਗਭਗ 1.5 ਕਿਲੋਮੀਟਰ ਤੱਕ ਭੱਜ ਕੇ ਪਿੱਛਾ ਕੀਤਾ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ । ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਦੋਵੇਂ ਦੋਸ਼ੀ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਸਨ ਅਤੇ ਹੁਸ਼ਿਆਰਪੁਰ, ਐਸ.ਬੀ.ਐਸ. ਨਗਰ, ਕਪੂਰਥਲਾ ਸਮੇਤ ਹੋਰ ਜ਼ਿਲਿ੍ਹਆਂ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੀ ਸਾਜ਼ਿਸ਼ ਰਚ ਰਹੇ ਸਨ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਹੋਰ ਗਿਰੋਹ ਮੈਂਬਰਾਂ ਨੂੰ ਲਾਜਿਸਟਿਕ ਸਹਾਇਤਾ ਪ੍ਰਦਾਨ ਕਰਦੇ ਸਨ ਅਤੇ ਪੰਜਾਬ ਅਤੇ ਹਰਿਆਣਾ ਵਿੱਚ ਵੱਖ-ਵੱਖ ਗਿਰੋਹਾਂ ਨੂੰ ਹਥਿਆਰ ਵੀ ਸਪਲਾਈ ਕਰਦੇ ਸਨ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧਾਂ ਨੂੰ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਜਲੰਧਰ ਸਵਪਨ ਸ਼ਰਮਾ ਨੇ ਦੱਸਿਆ ਕਿ ਕਥਿਤ ਦੋਸ਼ੀ ਗੈਂਗਸਟਰਾਂ ਰਾਜੇਸ਼ਵਰ ਕੁਮਾਰ ਅਤੇ ਦੀਪਕ ਵੈਦ ਦੇ ਖੁਲਾਸੇ ’ਤੇ ਕਾਰਵਾਈ ਕਰਦਿਆਂ ਜਲੰਧਰ ਕਮਿਸ਼ਨਰੇਟ ਦੀਆਂ ਪੁਲਿਸ ਟੀਮਾਂ ਵੱਲੋਂ ਦੋਵਾਂ ਦੋਸ਼ੀਆਂ ਨੂੰ ਜਲੰਧਰ ਕੈਂਟ ਦੇ ਬਾਹਰਵਾਰ ਕਿਸੇ ਸੁੰਨੀ ਤੇ ਬੇਆਬਾਦ ਥਾਂ ’ਤੇ ਲਿਜਾਇਆ ਜਾ ਰਿਹਾ ਸੀ, ਜਿੱਥੇ ਉਨ੍ਹਾਂ ਨੇ ਹਥਿਆਰ ਅਤੇ ਗੋਲੀ- ਸਿੱਕਾ ਛੁਪਾਏ ਹੋਣ ਦਾ ਦਾਅਵਾ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪਹੁੰਚ ਕੇ ਦੋਵਾਂ ਮੁਲਜ਼ਮਾਂ ਨੇ ਪਿਸਤੌਲ ( ਜੋ ਮੌਕੇ ਤੋਂ ਬਰਾਮਦ ਹੋਇਆ ਹੈ) ਦੀ ਵਰਤੋਂ ਕਰਦਿਆਂ ਪੁਲਿਸ ਪਾਰਟੀ ’ਤੇ ਗੋਲੀਬਾਰੀ ਕੀਤੀ ਅਤੇ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਏ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਉਨ੍ਹਾਂ ਨੂੰ ਰੋਕਣ ਲਈ ਜਵਾਬੀ ਫਾਇਰਿੰਗ ਕੀਤੀ ਅਤੇ ਲਗਭਗ 1.5 ਕਿਲੋਮੀਟਰ ਭੱਜ ਕੇ ਪਿੱਛਾ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਕਾਬੂ ਕਰ ਲਿਆ । ਇਸ ਕਾਰਵਾਈ ਦੌਰਾਨ, ਇੱਕ ਦੋਸ਼ੀ ਦੀ ਸੱਜੀ ਲੱਤ ’ਤੇ ਗੋਲੀ ਲੱਗੀ, ਜਦੋਂ ਕਿ ਦੂਜਾ ਦੋਸ਼ੀ ਪੁਲਿਸ ਟੀਮ ਨਾਲ ਹੱਥੋਪਾਈ ਦੌਰਾਨ ਜ਼ਖਮੀ ਹੋ ਗਿਆ।
ਸੀ.ਪੀ. ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਇਨ੍ਹਾਂ ਖ਼ਿਲਾਫ਼ ਅਸਲਾ ਐਕਟ, ਐਨ.ਡੀ.ਪੀ.ਐਸ. ਐਕਟ, ਇਰਾਦਾ ਕਤਲ ਆਦਿ ਕਈ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਦੋ ਹੋਰ ਪਿਸਤੌਲਾਂ ਦੀ ਬਰਾਮਦਗੀ ਨਾਲ , ਉਕਤ ਮੋਡਿਊਲ ਤੋਂ ਬਰਾਮਦ ਹੋਏ ਹਥਿਆਰਾਂ ਦੀ ਕੁੱਲ ਗਿਣਤੀ ਹੁਣ ਛੇ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਦੀ ਆਸ ਹੈ।