ਹਮਲਾਵਰ ਮੌਕੇ ’ਤੋਂ ਫ਼ਰਾਰ, ਪੰਚ ਮੁਖਵਿੰਦਰ ਸਿੰਘ ਜ਼ਖਮੀ
ਅੰਮ੍ਰਿਤਸਰ: ਹਲਕਾ ਮਜੀਠਾ ਦੇ ਪਿੰਡ ਮਰੜ੍ਹੀ ਖੁਰਦ ਦੇ ਵਸਨੀਕ ਮੌਜੂਦਾ ਪੰਚ ਨੂੰ ਅੱਡਾ ਥੀਏਵਾਲ ਵਿਖੇ ਤਿੰਨ ਅਣ-ਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਹਲਕਾ ਮਜੀਠਾ ਦੇ ਪਿੰਡ ਮਰੜ੍ਹੀ ਖੁਰਦ ਦਾ ਵਸਨੀਕ ਮੌਜੂਦਾ ਪੰਚਾਇਤ ਮੈਂਬਰ ਮੁਖਵਿੰਦਰ ਸਿੰਘ ਉਰਫ਼ ਮੁੱਖਾ ਪੁੱਤਰ ਬਲਕਾਰ ਸਿੰਘ ਅੱਜ ਸਵੇਰੇ ਆਪਣੀ ਭਤੀਜੀ, ਜੋ ਅੰਮ੍ਰਿਤਸਰ ਵਿਖੇ ਪੜ੍ਹਦੀ ਹੈ, ਨੂੰ ਰੋਜ਼ ਦੀ ਤਰ੍ਹਾਂ ਬੱਸ ’ਤੇ ਚੜਾਉਣ ਲਈ ਜਾ ਰਿਹਾ ਸੀ ਕਿ ਜਦ ਉਹ ਮਰੜ੍ਹੀ ਖੁਰਦ ਦੇ ਨੇੜੇ ਪੈਂਦੇ ਅੱਡਾ ਥੀਏਵਾਲ ਵਿਖੇ ਪਹੁੰਚਿਆ ਤਾਂ ਤਿੰਨ ਅਣ-ਪਛਾਤੇ ਨੌਜਵਾਨਾਂ ਨੇ ਅਚਾਨਕ ਉਸ 'ਤੇ ਗੋਲੀਆਂ ਚਲਾ ਦਿੱਤੀਆਂ।
ਹਮਲਾਵਰ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ। ਇਸ ਦੌਰਾਨ ਮੁਖਵਿੰਦਰ ਸਿੰਘ ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਮੁਖਵਿੰਦਰ ਸਿੰਘ ਦੇ ਪੰਜ ਗੋਲੀਆਂ ਲੱਗੀਆਂ ਹਨ। ਮੁਖਵਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਅੰਮ੍ਰਿਤਸਰ ਵਿਖੇ ਲਿਜਾਇਆ ਗਿਆ। ਇਸ ਘਟਨਾ ਨਾਲ ਇਲਾਕੇ ਵਿਚ ਡਰ ਦਾ ਮਾਹੌਲ ਹੈ।
