ਤਰਨ ਤਾਰਨ ਜ਼ਿਮਨੀ ਚੋਣ: 11 ਨਵੰਬਰ ਨੂੰ ਵੋਟਾਂ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ ਵੱਲੋਂ ਫਾਈਨਲ ਸਮੀਖਿਆ ਮੀਟਿੰਗ
Published : Nov 7, 2025, 4:19 pm IST
Updated : Nov 7, 2025, 4:19 pm IST
SHARE ARTICLE
Tarn Taran by-election: Final review meeting by Chief Electoral Officer before voting on November 11
Tarn Taran by-election: Final review meeting by Chief Electoral Officer before voting on November 11

ਡਿਪਟੀ ਕਮਿਸ਼ਨਰ ਅਤੇ SSP ਨੂੰ ਵੋਟਿੰਗ ਤੋਂ ਪਹਿਲਾਂ ਦੇ 72, 48 ਅਤੇ 24 ਘੰਟਿਆਂ ਦੌਰਾਨ ਚੌਕਸੀ ਵਧਾਉਣ ਦੇ ਨਿਰਦੇਸ਼

ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ 11 ਨਵੰਬਰ ਨੂੰ ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਦੀਆਂ ਵੋਟਾਂ ਤੋਂ ਪਹਿਲਾਂ ਅੰਤਿਮ ਪੜਾਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ, ਐੱਸ.ਐੱਸ.ਪੀ. ਡਾ. ਰਵਜੋਤ ਗਰੇਵਾਲ ਅਤੇ ਰਿਟਰਨਿੰਗ ਅਧਿਕਾਰੀ ਗੁਰਮੀਤ ਸਿੰਘ ਹਾਜ਼ਰ ਸਨ।

ਮੀਟਿੰਗ ਦੌਰਾਨ ਸਿਬਿਨ ਸੀ ਨੇ ਵੋਟਿੰਗ ਤੋਂ 72, 48 ਅਤੇ 24 ਘੰਟਿਆਂ ਤੋਂ ਲੈ ਕੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਚੌਕਸੀ ਵਧਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵੋਟਰਾਂ ਨੂੰ ਭਰਮਾਉਣ ਲਈ ਨਕਦੀ, ਸ਼ਰਾਬ ਅਤੇ ਕਿਸੇ ਵੀ ਤਰ੍ਹਾਂ ਦੇ ਮੁਫਤ ਸਮਾਨ ਵੰਡਣ ਦੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ 9 ਨਵੰਬਰ ਨੂੰ ਸ਼ਾਮੀ ਚੋਣ ਪ੍ਰਚਾਰ ਸਮਾਪਤ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਨਾਲ ਸਬੰਧਤ ਕੋਈ ਵੀ ਬਾਹਰੀ ਵਿਅਕਤੀ ਤਰਨ ਤਾਰਨ ਹਲਕੇ ਵਿੱਚ ਨਾ ਹੋਵੇ।

ਮੁੱਖ ਚੋਣ ਅਧਿਕਾਰੀ ਨੇ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਲਾਈਵ ਵੈਬਕਾਸਟਿੰਗ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਨੇ ਪੋਲਿੰਗ ਬੂਥਾਂ, ਸਟਰਾਂਗ ਰੂਮਾਂ ਅਤੇ ਕਾਊਂਟਿੰਗ ਹਾਲ ਵਿੱਚ ਢੁੱਕਵੇਂ ਪ੍ਰਬੰਧ ਕਰਨ ਲਈ ਕਿਹਾ ਤਾਂ ਜੋ ਵੋਟਰਾਂ ਅਤੇ ਚੋਣ ਅਮਲੇ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਉੱਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮਾਂਬੱਧ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ। ਸਿਬਿਨ ਸੀ ਨੇ ਕਿਹਾ ਕਿ ਪੁਲਿਸ ਨਾਕਿਆਂ ਉੱਤੇ ਸੀਸੀਟੀਵੀ ਅਤੇ ਪੈਟਰੋਲਿੰਗ ਟੀਮਾਂ ਰਾਹੀਂ 24 ਘੰਟੇ ਨਿਗਰਾਨੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸ਼ਰਾਬ, ਨਕਦੀ, ਡਰੱਗ ਅਤੇ ਹੋਰ ਸਮਾਨ ਦੀ ਗੈਰ-ਕਾਨੂੰਨੀ ਤਸਕਰੀ ਰੋਕੀ ਜਾ ਸਕੇ।     

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਅਤੇ ਐੱਸ.ਐੱਸ.ਪੀ ਨੇ ਮੁੱਖ ਚੋਣ ਅਧਿਕਾਰੀ ਨੂੰ ਦੱਸਿਆ ਕਿ ਜ਼ਿਮਨੀ ਚੋਣ ਲਈ ਹਰੇਕ ਪ੍ਰਕਾਰ ਦੇ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਮੁਤਾਬਕ ਜ਼ਿਮਨੀ ਚੋਣ ਨੂੰ ਨੇਪਰੇ ਚਾੜ੍ਹਿਆ ਜਾਵੇਗਾ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਹਲਕੇ ਵਿੱਚ ਵੋਟਿੰਗ ਲਈ ਕੁੱਲ 114 ਥਾਵਾਂ ਉੱਤੇ 222 (ਸ਼ਹਿਰੀ 60 ਅਤੇ ਪੇਂਡੂ 162) ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 100 ਪੋਲਿੰਗ ਬੂਥਾਂ ਦੀ ਪਛਾਣ ਸੰਵੇਦਨਸ਼ੀਲ ਪੋਲਿੰਗ ਬੂਥਾਂ ਵਜੋਂ ਕੀਤੀ ਗਈ ਹੈ, ਜਿੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾਣਗੇ। ਇਸ ਤੋਂ ਇਲਾਵਾ 9 ਮਾਡਲ ਪੋਲਿੰਗ ਬੂਥ ਅਤੇ ਮਹਿਲਾਵਾਂ ਨੂੰ ਸਮਰਪਿਤ 3 ਪੋਲਿੰਗ ਬੂਥ ਬਣਾਏ ਗਏ ਹੈ। ਜਦਕਿ ਦਿਵਿਆਂਗ ਵੋਟਰਾਂ ਅਤੇ ਨੌਜਵਾਨ ਵੋਟਰਾਂ ਲਈ 1-1 ਪੋਲਿੰਗ ਬੂਥ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ 100 ਫੀਸਦੀ ਵੈੱਬਕਾਸਟਿੰਗ ਨੂੰ ਯਕੀਨੀ ਬਣਾਇਆ ਗਿਆ ਹੈ।

ਐੱਸ.ਐੱਸ.ਪੀ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਵਿੱਚ 9 ਨਵੰਬਰ ਨੂੰ ਸ਼ਾਮ  6 ਵਜੇ ਤੋਂ 11 ਨਵੰਬਰ ਸ਼ਾਮ  6 ਵਜੇ ਤੱਕ ਡ੍ਰਾਈ ਡੇਅ ਐਲਾਨਿਆ ਗਿਆ ਹੈ। ਇਸ ਦੌਰਾਨ ਪੁਲਿਸ ਅਤੇ ਐਕਸਾਇਜ਼ ਵਿਭਾਗ ਦੀਆਂ ਟੀਮਾਂ ਗੈਰ ਕਾਨੂੰਨੀ ਸ਼ਰਾਬ ਦੀ ਆਮਦ ਉੱਤੇ ਨਜ਼ਰ ਰੱਖਣ ਲਈ ਤਾਇਨਾਤ ਹਨ। ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਦੇ 768 ਅਤੇ ਪੰਜਾਬ ਪੁਲਿਸ ਦੇ 876 ਜਵਾਨ ਤਾਇਨਾਤ ਕੀਤੇ ਗਏ ਹਨ। ਸਾਰੇ 114 ਪੋਲਿੰਗ ਸਥਾਨਾਂ ‘ਤੇ 480 ਕੇਂਦਰੀ ਬਲਾਂ ਦੇ ਜਵਾਨ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਗੈਰ-ਸਮਾਜਿਕ ਅਨਸਰਾਂ ਉੱਤੇ ਨਜ਼ਰ ਰੱਖਣ, ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਅਤੇ ਸ਼ਰਾਬ, ਨਕਦੀ ਤੇ ਨਸ਼ੀਲੇ ਪਦਾਰਥਾਂ ਦੀ ਆਮਦ ਉੱਤੇ ਨੱਥ ਪਾਉਣ ਲਈ ਨਾਲ ਲੱਗਦੇ ਜ਼ਿਲ੍ਹਿਆਂ ਦੀ ਸਰਹੱਦ ਉੱਤੇ ਛੇ ਨਾਕੇ ਲਗਾਏ ਗਏ ਹਨ। ਇਸ ਤੋਂ ਇਲਾਵਾ ਵੋਟਿੰਗ ਤੋਂ 72 ਘੰਟੇ ਪਹਿਲਾਂ 22 ਪੈਟਰੋਲਿੰਗ ਪਾਰਟੀਆਂ ਵੱਲੋਂ ਹਲਕੇ ਦੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਗਸ਼ਤ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਿਆ ਜਾ ਸਕੇ। 

ਜ਼ਿਕਰਯੋਗ ਹੈ ਕਿ ਤਰਨ ਤਾਰਨ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,92,838 ਹੈ। ਇਸ ਵਿੱਚ 1,00,933 ਪੁਰਸ਼ ਵੋਟਰ, 91,897 ਮਹਿਲਾ ਵੋਟਰ ਅਤੇ 8 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ ਕੁੱਲ ਸਰਵਿਸ ਵੋਟਰ 1,357, ਜਦਕਿ 85 ਸਾਲ ਦੀ ਉਮਰ ਤੋਂ ਵੱਧ ਵਾਲੇ ਕੁੱਲ ਵੋਟਰਾਂ ਦੀ ਗਿਣਤੀ 1,657 ਹੈ। ਉੱਥੇ ਹੀ ਕੁੱਲ ਐਨ.ਆਰ.ਆਈ ਵੋਟਰ 306 ਅਤੇ ਦਿਵਿਆਂਗ ਵੋਟਰਾਂ ਦੀ ਕੁੱਲ ਗਿਣਤੀ 1,488 ਹੈ। ਇਸ ਦੇ ਨਾਲ ਹੀ 18 ਤੋਂ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ ਕੁੱਲ ਗਿਣਤੀ 3,333 ਹੈ। ਮੀਟਿੰਗ ਦੌਰਾਨ ਐਡੀਸ਼ਨਲ ਸੀਈਓ ਅਮਨਦੀਪ ਬਾਂਸਲ, ਜੁਆਇੰਟ ਸੀਈਓ ਸਕੱਤਰ ਸਿੰਘ ਬੱਲ ਤੋਂ ਇਲਾਵਾ ਸੀਈਓ ਦਫ਼ਤਰ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਹੋਰ ਅਧਿਕਾਰੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement