19 ਸਾਲਾ ਨੌਜਵਾਨ ਬੋਬੀ ਸਿੰਘ ਵਾਸੀ ਪਿੰਡ ਕੋਹਾਰਵਾਲਾ ਦਾ ਰਹਿਣ ਵਾਲਾ ਹੈ।
ਕੋਟਕਪੂਰਾ: ਅੱਜ ਸ਼ਾਮ ਸਮੇਂ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਜ 19 ਸਾਲਾ ਨੌਜਵਾਨ ਬੋਬੀ ਸਿੰਘ ਵਾਸੀ ਪਿੰਡ ਕੋਹਾਰਵਾਲਾ ਆਪਣੇ ਕਿਸੇ ਦੋਸਤ ਨਾਲ ਪਿੰਡ ਵਾਪਸ ਪਰਤ ਰਿਹਾ ਸੀ ਤੇ ਜਦ ਉਹ ਬਾਜੀਗਰ ਬਸਤੀ ਹਰੀਨੌ ਰੋਡ, ਕੋਟਕਪੂਰਾ ਵਿਖੇ ਸਥਿੱਤ ਸੂਏ ਦੇ ਪੁਲ ਨੇੜੇ ਪੁੱਜਾ ਤਾਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸ ਦੇ ਪਿੰਡ ਦੇ ਦੋ ਸਕੇ ਭਰਾਵਾਂ ਤੇ ਉਹਨਾ ਦੇ ਪਿਤਾ ਨੇ ਦੋ ਹੋਰ ਅਣਪਛਾਤੇ ਸਾਥੀਆਂ ਨਾਲ ਬੋਬੀ ਸਿੰਘ ਉੱਪਰ ਤੇਜਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।
ਹਥਿਆਰਾਂ ਦੇ ਗਰਦਨ ਉੱਪਰ ਲੱਗੇ ਕਈ ਡੂੰਘੇ ਜਖਮਾ ਕਾਰਨ ਘਟਨਾ ਵਾਲੇ ਸਥਾਨ ’ਤੇ ਖੂਨ ਦਾ ਛੱਪੜ ਬਣ ਗਿਆ। ਰਾਹਗੀਰਾਂ ਨੇ ਤੁਰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਸੰਜੀਵ ਕੁਮਾਰ ਡੀ.ਐਸ.ਪੀ. ਕੋਟਕਪੂਰਾ ਦੀ ਅਗਵਾਈ ਹੇਠ ਇੰਸ. ਚਮਕੌਰ ਸਿੰਘ ਬਰਾੜ ਐਸ.ਐਚ.ਓ. ਥਾਣਾ ਸਿਟੀ ਕੋਟਕਪੂਰਾ ਅਤੇ ਇੰਸਪੈਕਟਰ ਗੁਰਾਂਦਿੱਤਾ ਸਿੰਘ ਐੱਸ.ਐੱਚ.ਓ. ਥਾਣਾ ਸਦਰ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ। ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਅਤੇ ਮਿ੍ਰਤਕ ਦੇ ਵਾਰਸਾਂ ਦੇ ਬਿਆਨਾ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
