
ਮੁੱਖ ਮੰਤਰੀ ਨੇ ਪੰਜਾਬ ਨੂੰ ਤਰਜੀਹ ਦੇ ਆਧਾਰ 'ਤੇ ਕੋਵਿਡ-19 ਦੀ ਦਵਾਈ ਦੇਣ ਦੀ ਕੀਤੀ ਮੰਗ
ਚੰਡੀਗੜ, 6 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਵਿਚ ਵਧੀ ਮੌਤ ਦਰ ਦੇ ਮੱਦੇਨਜ਼ਰ, ਜਿਸ ਦਾ ਕਾਰਨ ਜ਼ਿਆਦਾਤਰ ਆਬਾਦੀ ਦੀ ਵਧਦੀ ਉਮਰ ਅਤੇ ਹੋਰਨਾਂ ਬਿਮਾਰੀਆਂ ਦੀ ਜ਼ਿਆਦਾ ਮਾਤਰਾ ਹੈ, ਪੰਜਾਬ ਨੂੰ ਕੋਵਿਡ-19 ਦੀ ਦਵਾਈ ਤਰਜੀਹੀ ਆਧਾਰ 'ਤੇ ਵੰਡੀ ਜਾਵੇ।
ਅਪਣੇ ਪੱਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਕੇਸਾਂ ਦੀ ਘੱਟ ਗਿਣਤੀ ਦੇ ਬਾਵਜੂਦ ਪੰਜਾਬ ਵਿਚ ਮੌਤ ਦੀ ਦਰ ਜ਼ਿਆਦਾ ਹੈ ਜਿਸ ਕਰ ਕੇ ਸੂਬੇ ਨੂੰ ਤਰਜੀਹੀ ਆਧਾਰ 'ਤੇ ਦਵਾਈ ਅਲਾਟ ਕੀਤੇ ਜਾਣ ਦੀ ਲੋੜ ਹੈ। ਉਨਾਂ ਇਹ ਵੀ ਕਿਹਾ ਕਿ ਜੋ ਦਵਾਈਆਂ ਮੌਜੂਦਾ ਸਮੇਂ ਦੌਰਾਨ ਵਿਚਾਰੀਆਂ ਜਾ ਰਹੀਆਂ ਹਨ ਉਹ ਸ਼ਾਇਦ ਇਸ ਰੋਗ ਦੀ ਲਾਗ ਨੂੰ ਘਟਾਉਣ ਵਿਚ ਐਨੀਆਂ ਸਹਾਈ ਨਾ ਹੋ ਸਕਣ ਜਿੰਨੀਆਂ ਕੀ ਗੰਭੀਰ ਬਿਮਾਰੀਆਂ ਦੀ ਰੋਕਥਾਮ ਵਿਚ ਹੋ ਸਕਦੀਆਂ ਹਨ। ਇਸ ਲਈ ਇਨਾਂ ਦਵਾਈਆਂ ਦਾ ਸਰਵੋਤਮ ਇਸਤੇਮਾਲ ਬਜ਼ੁਰਗਾਂ ਅਤੇ ਉਨਾਂ ਵਿਅਕਤੀਆਂ ਦੀਆਂ ਗੰਭੀਰ ਬਿਮਾਰੀਆਂ ਦੀ ਰੋਕਥਾਮ ਲਈ ਕੀਤਾ ਜਾਣਾ ਚਾਹੀਦਾ ਹੈ ਜਿਨਾਂ ਦੇ ਉੱਚ ਰੋਗ ਨਾਲ ਪੀੜਤ ਹੋਣ ਦੀ ਸੰਭਾਵਨਾ ਜ਼ਿਆਦਾ ਹੈ।
ਕੈਪਟਨ ਨੇ ਇਸ ਸਬੰਧੀ ਵੀ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਕਿ ਕੀ ਕੋਵਿਡ 19 ਦੀ ਦਵਾਈ ਦਾ ਸਾਰਾ ਖ਼ਰਚਾ ਦਵਾਈਆਂ ਅਤੇ ਇਨਾਂ ਦੀ ਸਪਲਾਈ ਸਮੇਤ ਭਾਰਤ ਸਰਕਾਰ ਵਲੋਂ ਕੀਤਾ ਜਾਵੇਗਾ। ਉਨਾਂ ਅੱਗੇ ਕਿਹਾ ਕਿ ਅਜਿਹੇ ਮਾਪਦੰਡਾਂ ਸਬੰਧੀ ਵੀ ਸਥਿਤੀ ਸਪੱਸ਼ਟ ਹੋਣੀ ਚਾਹੀਦੀ ਹੈ ਜਿਨਾਂ 'ਤੇ ਆਧਾਰਤ ਅਜਿਹੇ ਤਰਜੀਹੀ ਸਮੂਹਾਂ ਦੀ ਪਹਿਚਾਣ ਕੀਤੀ ਜਾਵੇਗੀ ਜਿਨਾਂ ਨੂੰ ਪੜਾਅਵਾਰ ਇਹ ਦਵਾਈ ਮੁਹਈਆ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਨਿੱਜੀ ਖੇਤਰ ਦੇ ਹੈਲਥ ਕੇਅਰ ਵਰਕਰਾਂ ਨੂੰ ਇਸ ਵਿਚ ਗਿਣਿਆ ਜਾਵੇਗਾ ਅਤੇ ਕੇਂਦਰ ਸਰਕਾਰ ਵਲੋਂ ਸਰਕਾਰੀ ਖੇਤਰ ਦੇ ਹੈਲਥ ਕੇਅਰ ਵਰਕਰਾਂ ਤੋਂ ਇਲਾਵਾ ਇਹਨਾਂ ਨਿੱਜੀ ਖੇਤਰ ਦੇ ਵਰਕਰਾਂ ਨੂੰ ਵੀ ਦਵਾਈਆਂ ਮੁਹਈਆ ਕਰਵਾਈਆਂ ਜਾਣ ਦੀ ਮਨਸ਼ਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿ ਕੀ ਇਹ ਦਵਾਈਆਂ ਹੋਰ ਤਰਜੀਹੀ ਸਮੂਹਾਂ ਅਤੇ ਆਮ ਲੋਕਾਂ ਨੂੰ ਵੀ ਮੁਹਈਆ ਕਰਵਾਈਆਂ ਜਾਣਗੀਆਂ ਜੇਕਰ ਉਹ ਸਰਕਾਰ ਪਾਸੋਂ ਇਨ੍ਹਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਜਾਹਰ ਕਰਦੇ ਹਨ। ਸੂਬਾ ਸਰਕਾਰ ਨੂੰ ਕੋਵਿਡ-19 ਮਹਾਂਮਾਰੀ ਦੇ ਸਮੇਂ ਮਦਦ ਦੇਣ ਲਈ ਭਾਰਤ ਸਰਕਾਰ ਦਾ ਧਨਵਾਦ ਕਰਦੇ ਹੋਏ ਅਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਕੋਵਿਡ-19 ਦੀ ਦਵਾਈ ਮੁਹੱਈਆ ਕੀਤੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਬਾਰਕਬਾਦ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਸਿਹਤ ਤੇ ਪਰਵਾਰ ਭਲਾਈ ਮੰਤਰਾਲੇ ਵਲੋਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੇ ਇਕ ਸਮਰੱਥ ਟੀਕਾਕਰਨ/ਦਵਾਈ ਮੁਹੱਈਆ ਕਰਨ ਦੇ ਉੱਦਮ ਸਬੰਧੀ ਤਿਆਰੀਆਂ ਕਰ ਲਈਆਂ ਹਨ। ਦਵਾਈ ਦੇਣ ਸਬੰਧੀ ਨਿੱਜੀ ਖੇਤਰ ਦੀਆਂ ਸੇਵਾਵਾਂ ਲਏ ਜਾਣ ਬਾਰੇ ਕੈਪਟਨ ਨੇ ਕਿਹਾ ਕਿ ਇਸ ਸਮੇਂ ਬਾਲਗਾਂ ਦੇ ਟੀਕਾਕਰਨ ਸਬੰਧੀ ਅਜਿਹੇ ਕੋਈ ਵੀ ਪ੍ਰੋਗਰਾਮ ਨਹੀਂ ਹਨ , ਇਸ ਲਈ ਇਸ ਉੱਦਮ ਨੂੰ ਲਾਗੂ ਕੀਤੇ ਜਾਣ ਦੇ ਰਸਤੇ ਵਿਚ ਚੁਣੌਤੀਆਂ ਹਨ। ਇਸ ਪੱਖ ਨੂੰ ਧਿਆਨ ਵਿਚ ਰਖਦੇ ਹੋਏ ਕਿ ਸ਼ਹਿਰਾਂ ਵਿਚ ਵਧੇਰੇ ਮਾਤਰਾ ਵਿਚ ਹੈਲਥ ਕੇਅਰ ਸੇਵਾਵਾਂ ਨਿੱਜੀ ਡਾਕਟਰਾਂ ਵਲੋਂ ਮੁਹਈਆ ਕਰਵਾਈਆਂ ਜਾਂਦੀਆਂ ਹਨ। ਕੈਪਟਨ ਨੇ ਕਿਹਾ ਕਿ ਇਹ ਜਾਣਨਾ ਬੇਹਦ ਸਹਾਈ ਹੋਵੇਗਾ ਕਿ ਕਿਵੇਂ ਨਿੱਜੀ ਖੇਤਰ ਦੀਆਂ ਸੇਵਾਵਾਂ ਲੈ ਕੇ ਸਰਕਾਰੀ ਖੇਤਰ ਦੇ ਬੋਝ ਨੂੰ ਘਟਾਇਆ ਜਾ ਸਕਦਾ ਹੈ। ਅਪਣੇ ਪੱਤਰ ਵਿਚ ਮੁੱਖ ਮੰਤਰੀ ਨੇ ਇਸ ਗੱਲ ਦੀ ਲੋੜ ਉੱਤੇ ਵੀ ਜ਼ੋਰ ਦਿਤਾ ਕਿ ਇਹ ਮਹੱਤਵਪੂਰਨ ਹੈ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਦਵਾਈਆਂ ਦੀ ਕਿੱਥੇ ਸੱਭ ਤੋਂ ਵੱਧ ਲੋੜ ਹੈ ਅਤੇ ਇਹਨਾਂ ਦਵਾਈਆਂ ਦਾ ਸੰਭਾਵੀ ਪ੍ਰਭਾਵ ਕੀ ਪੈਂਦਾ ਹੈ ਤਾਂ ਜੋ ਭਵਿੱਖ ਵਿੱਚ ਦਵਾਈਆਂ/ਟੀਕਾਕਰਨ ਸਬੰਧੀ ਰਣਨੀਤੀ ਤਿਆਰ ਕੀਤੀ ਜਾ ਸਕੇ।