ਮ੍ਰਿਤਕ ਲੜਕੇ ਸੰਦੀਪ ਕੁਮਾਰ ਨੇ ਮਰਨ ਤੋਂ ਪਹਿਲਾ ਇੱਕ ਆਡੀਓ ਵੀ ਵਾਈਰਲ ਕੀਤੀ ਸੀ
ਹੁਸ਼ਿਆਰਪੁਰ: ਦਸੂਹਾ ਦੇ ਪਿੰਡ ਭਡਿਆਰਾ ’ਚ ਇੱਕ ਨੌਜਵਾਨ ਵਲੋਂ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸੰਦੀਪ ਕੁਮਾਰ ਦੇ ਪਿਤਾ ਮੋਹਿੰਦਰ ਸਿੰਘ ਨੇ ਦੱਸਿਆ ਕੀ ਬੀਤੇ ਦਿਨ ਪਿੰਡ ਵਿੱਚ ਰਹਿਣ ਵਾਲੀ ਇਕ ਵਿਆਹੁਤਾ ਮਹਿਲਾ ਨੇ ਉਸ ਦੇ ਲੜਕੇ ’ਤੇ ਜਬਰ ਜ਼ਿਨਾਹ ਦਾ ਮਾਮਲਾ ਦਰਜ ਕਰਵਾਇਆ ਸੀ। ਜਿਸ ਤੋਂ ਬਾਅਦ ਸੰਦੀਪ ਕੁਮਾਰ ਪੁਲਿਸ ਦੇ ਡਰ ਕਾਰਨ ਘਰ ਤੋਂ ਲਾਪਤਾ ਰਹਿਣ ਲੱਗ ਪਿਆ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਲੜਕੇ ਉਤੇ ਮਹਿਲਾ ਤੇ ਪਿੰਡ ਦੇ ਕੁੱਝ ਹੋਰ ਵਿਅਕਤੀਆਂ ਵੱਲੋਂ ਆਪਸ ਵਿੱਚ ਮਿਲ ਕੇ ਸਾਜ਼ਿਸ਼ ਤਹਿਤ ਮਾਮਲਾ ਦਰਜ ਕਰਵਾਇਆ ਗਿਆ । ਉਸ ਨੇ ਦੱਸਿਆ ਕਿ 4 ਲੱਖ ਰੁਪਏ ਤੇ ਕੁੱਝ ਗਹਿਣੇ ਵੀ ਮਹਿਲਾ ਨੇ ਸੰਦੀਪ ਕੁਮਾਰ ਤੋਂ ਲਏ ਸਨ। ਜਿਸ ਤੋ ਬਾਅਦ ਸੰਦੀਪ ਨੇ ਪਰੇਸ਼ਾਨ ਹੋ ਕੇ ਇਹ ਕਦਮ ਚੁਕਿਆ।
ਮ੍ਰਿਤਕ ਲੜਕੇ ਸੰਦੀਪ ਕੁਮਾਰ ਨੇ ਮਰਨ ਤੋਂ ਪਹਿਲਾ ਇੱਕ ਆਡੀਓ ਵੀ ਵਾਈਰਲ ਕੀਤੀ ਸੀ ਜਿਸ ਵਿੱਚ ਉਸ ਨੇ ਮਹਿਲਾ ਤੇ ਉਸ ਦੇ ਸਾਥੀਆ ਦੇ ਨਾਮ ਵੀ ਲਏ ਹਨ ਜਿਹਨਾਂ ਵਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮ੍ਰਿਤਕ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਦੋ ਲੜਕੇ ਨੇ ਪਰ ਉਹਨਾਂ ਵਿੱਚ ਕੇਵਲ ਸੰਦੀਪ ਕੁਮਾਰ ਹੀ ਘਰ ਵਿੱਚ ਕਮਾਉਣ ਵਾਲਾ ਸੀ ਤੇ ਉਸ ਦਾ ਦੂਸਰਾ ਭਰਾ ਦਿਮਾਗੀ ਤੌਰ ਉੱਤੇ ਪਰੇਸ਼ਾਨ ਰਹਿੰਦਾ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦਿਆ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਕਿ ਜਿਸ ਮਹਿਲਾ ਤੇ ਉਸ ਦੇ ਰਿਸ਼ਤੇਦਾਰਾ ਨੇ ਮੇਰੇ ਬੇਟੇ ’ਤੇ ਝੂਠਾ ਮਾਮਲਾ ਦਰਜ ਕਰਵਾਇਆ ਜਿਸ ਤੋਂ ਬਾਅਦ ਲੜਕੇ ਨੇ ਪਰੇਸ਼ਾਨ ਹੋ ਕੇ ਆਪਣੀ ਜਾਨ ਦੇ ਦਿੱਤੀ ਗਈ ਉਨ੍ਹਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ।
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।