 
          	ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ........
ਗੁਰਦਾਸਪੁਰ : ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਕਾਂਗਰਸ ਪਾਰਟੀ ਨੇ ਹਮੇਸ਼ਾ ਕਿਸਾਨੀ ਦੀ ਬਾਂਹ ਫੜੀ ਹੈ। ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਕਿਸਾਨਾਂ ਲਈ ਵੱਡੇ ਕਦਮ ਉਠਾਏ ਹਨ ਅਤੇ ਕਿਸਾਨਾਂ ਦਾ ਫ਼ਸਲੀ ਕਰਜ਼ਾ ਮਾਫ਼ ਕੀਤਾ ਜਾ ਰਿਹਾ ਹੈ। ਉਨਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ 4 ਲੱਖ 14 ਹਜ਼ਾਰ 275 ਕਿਸਾਨਾਂ ਦੇ 3417 ਕਰੋੜ ਰੁਪਏ ਦੇ ਫ਼ਸਲੀ ਕਰਜ਼ੇ ਮਾਫ਼ ਕੀਤੇ ਜਾ ਚੁੱਕੇ ਹਨ
ਅਤੇ ਛੇਤੀ ਹੀ 3 ਲੱਖ ਹੋਰ ਕਿਸਾਨਾਂ ਦੇ ਕਰੀਬ 4 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮਾਫ਼ ਕੀਤੇ ਜਾ ਰਹੇ ਹਨ। ਜਿਸ ਨਾਲ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਕੈਬਨਿਟ ਵਜ਼ੀਰ ਸ. ਰੰਧਾਵਾ ਨੇ ਬੀਤੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਗੁਰਦਾਸਪੁਰ ਵਿਖੇ ਕੀਤੀ ਪਬਲਿਕ ਰੈਲੀ ਦੌਰਾਨ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੇ ਕਰਜ਼ੇ ਮਾਫ਼ ਨਾ ਕਰਨ ਸਬੰਧੀ ਦਿਤੇ ਬਿਆਨ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਦੇਸ਼ ਦੇ ਮੁਖੀ ਨੂੰ ਅਜਿਹੀ ਝੂਠੀ ਤੇ ਬੇਬੁਨਿਆਦ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਲੋਕਾਂ ਨੂੰ ਗੁਮਰਾਹ ਕਰਨ ਲਈ ਅਸਫ਼ਲ ਯਤਨ ਕਰ ਰਹੀ ਹੈ ਪਰ ਲੋਕ ਅਸਲੀਅਤ ਤੋਂ ਭਲੀ-ਭਾਂਤ ਜਾਣੂੰ ਹਨ। ਸ. ਰੰਧਾਵਾ ਨੇ ਕਿਹਾ ਕਿ 10 ਸਾਲ ਪੰਜਾਬ ਤੇ ਰਾਜ ਕਰਨ ਵਾਲੀਆਂ ਪਾਰਟੀਆਂ ਦਸਣ ਕਿ ਉਨ੍ਹਾਂ ਨੇ ਅਪਣੇ ਕਰਾਜਕਾਲ ਦੌਰਾਨ ਕਿਸਾਨਾਂ ਦਾ ਕਿੰਨਾ ਕੁ ਕਰਜ਼ਾ ਮਾਫ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਵਲ ਜੁਮਲੇਬਾਜ਼ੀ ਕਰਨ ਨਾਲ ਕਿਸਾਨਾਂ ਦੀ ਬਾਂਹ ਨਹੀਂ ਫੜ੍ਹੀ ਜਾ ਸਕਦੀ ਸਗੋਂ ਹਕੀਕਤ ਵਿਚ ਕਿਸਾਨਾਂ ਦੀ ਮਦਦ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੀ ਹਮਦਰਦ ਪਾਰਟੀ ਹੈ, ਜਿਸ ਨੇ ਕਿਸਾਨਾਂ ਦੀ ਅੱਗੇ ਹੋ ਕਿ ਬਾਂਹ ਫੜੀ ਹੈ ਤੇ ਕਿਸਾਨ ਕਾਂਗਰਸ ਪਾਰਟੀ ਤੋਂ ਖ਼ੁਸ਼ ਹਨ।
 
                     
                
 
	                     
	                     
	                     
	                     
     
     
                     
                     
                     
                     
                    