
ਇੰਨੀ ਜ਼ਲਾਲਤ ਮਗਰੋਂ ਭਾਜਪਾ ’ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਹਰਸਿਮਰਤ
ਪੰਜਾਬ ਭਾਜਪਾ ਆਗੂਆਂ ਦੀ ਜ਼ਮੀਰ ਮਰੀ
ਬਠਿੰਡਾ, 7 ਜਨਵਰੀ (ਸੁਖਜਿੰਦਰ ਮਾਨ) : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਖੁਲ੍ਹ ਕੇ ਦਿਲ ਦੀ ਭੜਾਸ ਕਢਦਿਆਂ ਕਿਹਾ ਕਿ ਸੱਭ ਤੋਂ ਪੁਰਾਣੇ ਭਾਈਵਾਲ ਤੇ ਕਿਸਾਨਾਂ ਦੀ ਸੱਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਸੁਣਵਾਈ ਨਾ ਕਰਨ ਵਾਲੀ ਭਾਜਪਾ ਨਾਲ ਹੁਣ ਮੁੜ ਕੇ ਗਠਜੋੜ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਜ ਸਥਾਨਕ ਏਮਜ਼ ਨੂੰ ਸਟਾਫ਼ ਬੱਸ ਸੋਂਪਣ ਆਈ ਬੀਬਾ ਬਾਦਲ ਨੇ ਦਾਅਵਾ ਕੀਤਾ ਕਿ ਉਸ ਵਲੋਂ ਲਗਾਤਾਰ ਢਾਈ ਮਹੀਨਿਆਂ ਤਕ ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਅਵਾਜ਼ ਉਠਾਈ ਗਈ ਪ੍ਰੰਤੂ ਗੱਲ ਨਹੀਂ ਸੁਣੀ ਤੇ ਦੇਸ਼ ’ਚ ਕਿਸਾਨਾਂ ਦੇ ਸੱਭ ਤੋਂ ਵੱਡੇ ਲੀਡਰ ਪ੍ਰਕਾਸ਼ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨਾ ਤਾਂ ਦੂਰ ਦੀ ਗੱਲ ਉਨ੍ਹਾਂ ਵਲੋਂ ਲਿਖੀਆਂ ਚਿੱਠੀਆਂ ਦਾ ਜਵਾਬ ਨਹੀਂ ਦਿਤਾ।
ਉਨ੍ਹਾਂ ਇਹ ਵੀ ਸ਼ੱਕ ਜ਼ਾਹਰ ਕੀਤਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਇੱਡੇ ਵੱਡੇ ਸੰਘਰਸ਼ ਦੇ ਬਾਵਜੂਦ ਵੀ ਇਨ੍ਹਾਂ ਬਿਲਾਂ ਨੂੰ ਵਾਪਸ ਲੈਣ ਲਈ ਤਿਆਰ ਨਹੀਂ, ਜਿਸਦੇ ਚੱਲਦੇ ਹੁਣ ਟੇਕ ਅਦਾਲਤ ਉਪਰ ਹੀ ਰਹਿਣੀ ਹੈ। ਬਠਿੰਡਾ ਹਲਕੇ ਤੋਂ ਲੋਕ ਸਭਾ ਮੈਂਬਰ ਬੀਬੀ ਬਾਦਲ ਨੇ ਪੰਜਾਬ ਭਾਜਪਾ ਦੀ ਨਿੰਦਾ ਕਰਦਿਆਂ ਕਿਹਾ ਕਿ ਲੱਗਦਾ ਹੈ ਕਿ ਸਾਰੇ ਲੀਡਰਾਂ ਦੀ ਜਮੀਰ ਮਰ ਗਈ ਹੈ, ਜਿਹੜੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਅੱਗੇ ਅਪਣੀਆਂ ਅਸਲ ਮੰਗਾਂ ਰੱਖਣ ਅਤੇ ਸੰਬੋਧਤ ਕਰਨ ਦੀ ਬਜਾਏ ਰਾਜਨੀਤੀ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦੇ ਹਨ। ਉਹ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਵਲੋਂ ਕਿਸਾਨ ਅੰਦੋਲਨ ਬਾਰੇ ਕੀਤੀਆਂ ਸਖ਼ਤ ਟਿੱਪਣੀਆਂ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਜਿਆਣੀ ਪ੍ਰਧਾਨ ਮੰਤਰੀ ਨੂੰ ਮਿਲਣ ਕਿਉਂ ਗਏ ਸੀ ਜਦੋਂ ਉਸਨੇ ਖੇਤੀਬਾੜੀ ਐਕਟ ਨੂੰ ਰੱਦ ਕਰਨ ਦੀ ਗੱਲ ਵੀ ਨਹੀਂ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਨੇ 6 ਮਹੀਨਿਆਂ ਤਕ ਸ਼੍ਰੋਮਣੀ ਅਕਾਲੀ ਦਲ ਨੂੰ ਹਨੇਰੇ ਵਿਚ ਰਖਿਆ ਗਿਆ ਕਿ ਕਿਸਾਨਾਂ ਦੀਆਂ ਸਾਰੀਆਂ ਚਿੰਤਾਵਾਂ ਦਾ ਹੱਲ ਕੀਤਾ ਜਾਵੇਗਾ। ਜਦੋਂ ਉਨ੍ਹਾਂ ਨੂੰ ਨਗਰ ਨਿਗਮ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਘੋਸ਼ਣਾ ਬਾਰੇ ਪੁੱਛਿਆ ਗਿਆ ਤਾਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਅੰਤਮ ਰੂਪ ਦੇ ਦਿਤਾ ਗਿਆ ਹੈ ਅਤੇ ਜਲਦੀ ਹੀ ਐਲਾਨ ਕਰ ਦਿਤਾ ਜਾਵੇਗਾ।
ਇਸ ਖ਼ਬਰ ਨਾਲ ਸਬੰਧਤ ਫੋਟੋ 07 ਬੀਟੀਆਈ 06 ਨੰਬਰ ਵਿਚ ਭੇਜੀ ਜਾ ਰਹੀ ਹੈ।