
ਪਹਿਲੇ ਦਿਨ ਵਿਦਿਆਰਥੀਆਂ ’ਚ ਦਿਸਿਆ ਸਕੂਲ ਜਾਣ ਦਾ ਚਾਅ
ਕਈ ਥਾਵਾਂ ’ਤੇ ਵਿਦਿਆਰਥੀਆਂ ਦੀ ਹਾਜ਼ਰੀ ਨਾਂ ਮਾਤਰ ਰਹੀ
ਚੰਡੀਗੜ੍ਹ, 7 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ) : ਕੋਰੋਨਾ ਮਹਾਮਾਰੀ ਸ਼ੁਰੂ ਹੋਣ ’ਤੇ 22 ਮਾਰਚ 2020 ਤੋਂ ਬਾਅਦ ਵੀਰਵਾਰ ਨੂੰ ਪੰਜਵੀਂ ਜਮਾਤ ਤੋਂ ਲੈ ਕੇ 8ਵੀਂ ਜਮਾਤ ਦੀ ਪੜ੍ਹਾਈ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਆਰੰਭ ਹੋ ਗਈ। ਸਕੂਲ ਖੁਲ੍ਹਣ ਦੇ ਪਹਿਲੇ ਦਿਨ ਵਿਦਿਆਰਥੀਆਂ ਅੰਦਰ ਕਾਫ਼ੀ ਉਤਸ਼ਾਹ ਦੇਖਿਆ ਗਿਆ ਪਰ ਪਹਿਲਾ ਦਿਨ ਹੋਣ ਕਾਰਨ ਸੂਬੇੇ ਦੇ ਕੱੁਝ ਕੁ ਸਰਕਾਰੀ ਸਕੂਲਾਂ ’ਚ ਹਾਜ਼ਰੀ ਬਹੁਤ ਘੱਟ ਰਹੀ। ਕੋਰੋਨਾ ਵਾਇਰਸ ਦੇ ਭੈਅ ਕਾਰਨ ਜ਼ਿਆਦਾਤਰ ਮਾਪਿਆਂ ਨੇ ਪਹਿਲੇ ਦਿਨ ਬੱਚੇ ਸਕੂਲ ਭੇਜਣ ਤੋਂ ਗੁਰੇਜ਼ ਹੀ ਕੀਤਾ। ਦੂਜੇ ਪਾਸੇ ਜ਼ਿਲ੍ਹਾ ਸਿਖਿਆ ਵਿਭਾਗਾਂ ਦੇ ਅਧਿਕਾਰੀਆਂ ਨੇ ਹਾਜ਼ਰੀ ਨੂੰ ਪ੍ਰਭਾਵਸ਼ਾਲੀ ਦਸਦੇ ਹੋਏ ਸੋਮਵਾਰ ਤੋਂ ਗਿਣਤੀ ਹੋਰ ਵੱਧਣ ਦੀ ਸੰਭਾਵਨਾ ਪ੍ਰਗਟਾਈ ਹੈ। ਪਤਾ ਲੱਗਾ ਹੈ ਕਿ ਸਾਰੇ ਨਿੱਜੀ ਸਕੂਲਾਂ ’ਚ ਪੰਜਵੀਂ ਜਮਾਤ ਤੋਂ 8ਵੀਂ ਜਮਾਤ ਦੇ ਬੱਚਿਆਂ ਨੂੰ ਨਹੀਂ ਬੁਲਾਇਆ ਗਿਆ।
ਜਾਣਕਾਰੀ ਅਨੁਸਾਰ ਇਨ੍ਹਾਂ ਨਿੱਜੀ ਸਕੂਲਾਂ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਭੇਜਣ ਲਈ ਮਾਪਿਆਂ ਨੂੰ ਮੋਬਾਈਲ ਫ਼ੋਨਾਂ ’ਤੇ ਸੰਦੇਸ਼ ਭੇਜੇ ਹਨ।
ਭਾਵੇਂ ਸਿਖਿਆ ਵਿਭਾਗ ਨੇ ਸਾਰੇ ਸਕੂਲਾਂ ਨੂੰ ਹਦਾਇਤਾਂ ਦਿਤੀਆਂ ਸਨ ਕਿ ਉਹ ਕੋਵਿਡ ਦੇ ਖ਼ਤਰੇ ਦੇ ਮੱਦੇਨਜ਼ਰ ਸਾਰੇ ਜ਼ਰੂਰੀ ਪ੍ਰਬੰਧ ਕਰ ਕੇ ਰੱਖਣ ਤੇ ਹਦਾਇਤਾਂ ਮੁਤਾਬਕ ਇਹ ਪ੍ਰਬੰਧ ਜ਼ਮੀਨੀ ਪੱਧਰ ’ਤੇ ਨਜ਼ਰ ਵੀ ਆਏ ਪਰ ਮਾਪਿਆਂ ਅੰਦਰ ਕੋਰੋਨਾ ਦਾ ਖ਼ੌਫ਼ ਇੰਨਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਕਿਸੇ ਰਿਸਕ ਵਿਚ ਪੈਣ ਇਸ ਲਈ ਪਹਿਲੇ ਦਿਨ ਅਧਿਆਪਕ ਤੇ ਸਕੂਲ ਪ੍ਰਬੰਧਕ ਬੱਚਿਆਂ ਦੀ ਉਡੀਕ ਕਰਦੇ ਦਿਖਾਈ ਦਿਤੇ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਵਿਦਿਆਰਥੀਆਂ ਦੀ ਗਿਣਤੀ ਸੰਤੁਸ਼ਟੀਜਨਕ ਰਹੀ ਤੇ ਬੱਚੇ ਚਾਅ ਨਾਲ ਸਕੂਲ ਆਉਂਦੇ ਦਿਖਾਈ ਦਿਤੇ। ਕਈ ਥਾਵਾਂ ’ਤੇ ਬੱਚਿਆਂ ਅੰਦਰ ਕਾਫ਼ੀ ਉਤਸ਼ਾਹ ਦਿਖਾਈ ਦਿਤਾ ਤੇ ਉਹ ਚਾਵਾਂ ਨਾਲ ਸਕੂਲਾਂ ’ਚ ਪਹੁੰਚੇ।
ਫ਼ੋਟੋ : ਪੰਜਾਬ ਸਕੂਲ