
ਚਾਰਜਸ਼ੀਟ ਵਿਚ ਚਾਰ ਮੁਲਜ਼ਮਾਂ ਦੇ ਨਾਂ ਸ਼ਾਮਲ ਹਨ।
ਲੁਧਿਆਣਾ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸ਼ਨੀਵਾਰ ਨੂੰ ਲੁਧਿਆਣਾ ਬਲਾਸਟ ਮਾਮਲੇ 'ਚ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਵਿਚ ਚਾਰ ਮੁਲਜ਼ਮਾਂ ਦੇ ਨਾਂ ਸ਼ਾਮਲ ਹਨ। 23 ਦਸੰਬਰ 2021 ਨੂੰ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ 'ਤੇ ਕੋਰਟ ਨੰਬਰ 14 ਦੇ ਸਾਹਮਣੇ ਸਥਿਤ ਇੱਕ ਬਾਥਰੂਮ ਵਿਚ ਇੱਕ ਧਮਾਕਾ ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਪੰਜ ਹੋਰ ਜ਼ਖਮੀ ਹੋ ਗਏ, ਉਦੋਂ ਪੰਜਾਬ ਵਿਚ ਚੋਣ ਪ੍ਰਚਾਰ ਚੱਲ ਰਿਹਾ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬਾਥਰੂਮ ਦਾ ਕੁੱਝ ਹਿੱਸਾ ਅਤੇ ਕੋਰਟ ਦੇ ਰਿਕਾਰਡ ਰੂਮ ਨੂੰ ਵੀ ਨੁਕਸਾਨ ਪਹੁੰਚਿਆ।
ਪੰਜਾਬ 'ਚ ਹੋਏ ਇਸ ਧਮਾਕੇ ਦੇ ਕਰੀਬ ਇੱਕ ਸਾਲ ਬਾਅਦ NIA ਨੇ ਮਾਮਲਾ ਸੁਲਝਾ ਲਿਆ ਹੈ। ਪਹਿਲੀ ਚਾਰਜਸ਼ੀਟ ਸੁਰਮੁੱਖ, ਦਿਲਬਾਗ, ਰਾਜਨਪ੍ਰੀਤ ਵਜੋਂ ਦਾਖ਼ਲ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ ਦੋਸ਼ੀ ਪਾਕਿਸਤਾਨ ਦਾ ਦੱਸਿਆ ਜਾ ਰਿਹਾ ਹੈ। ਜਿਸ ਦੀ ਪਛਾਣ ਜ਼ੁਲਫ਼ਕਾਰ ਵਜੋਂ ਹੋਈ ਹੈ, ਜੋ ਕਿ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਨਾਲ ਸਬੰਧਤ ਸੀ।
ਲੁਧਿਆਣਾ ਧਮਾਕੇ ਦਾ ਕੇਸ ਪੰਜਾਬ ਪੁਲਿਸ ਨੇ 23 ਦਸੰਬਰ, 2021 ਨੂੰ ਦਰਜ ਕੀਤਾ ਸੀ, ਜਿਸ ਨੂੰ ਬਾਅਦ ਵਿਚ 13 ਜਨਵਰੀ, 2022 ਨੂੰ ਐਨਆਈਏ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਦੀ ਗ੍ਰਿਫ਼ਤਾਰੀ ਤੋਂ ਬਾਅਦ NIA ਨੂੰ ਵੱਡੀ ਰਾਹਤ ਮਿਲੀ ਹੈ। ਮੋਸਟ ਵਾਂਟੇਡ ਅੱਤਵਾਦੀ ਨੂੰ ਪਿਛਲੇ ਮਹੀਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂਕਿ ਹਰਪ੍ਰੀਤ ਨੂੰ ਹਾਲੇ ਤੱਕ ਚਾਰਜਸ਼ੀਟ ਨਹੀਂ ਕੀਤਾ ਗਿਆ ਹੈ। ਕਿਉਂਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ
ਇਸ ਲਈ ਉਸ ਦੇ ਖਿਲਾਫ਼ ਬਾਅਦ ਵਿਚ ਚਾਰਜਸ਼ੀਟ ਕੀਤੀ ਜਾਵੇਗੀ। ਐਨਆਈਏ ਨੇ ਹਰਪ੍ਰੀਤ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ, ਜੋ ਮੂਲ ਰੂਪ ਵਿੱਚ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, ਜਿਸ ਨੂੰ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਏਅਰਪੋਰਟ ਪਹੁੰਚਣ ਤੋਂ ਤੁਰੰਤ ਬਾਅਦ ਐਨਆਈਏ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ ਸੀ।