
Jalalabad News: ਮੁਖ਼ਬਰ ਦੀ ਸੂਹ 'ਤੇ ਛਾਪਾ ਮਾਰਨ ਗਈ ਸੀ ਪੁਲਿਸ ਪਾਰਟੀ
Jalalabad police attack News in punjabi : ਭਾਵੇਂ ਪੰਜਾਬ ਪੁਲਿਸ ਸੂਬੇ 'ਚੋਂ ਨਸ਼ਾ ਖ਼ਤਮ ਕਰਨ ਲਈ ਪੱਬਾਂ ਭਾਰ ਹੈ ਪਰ ਨਸ਼ੇ ਦੀਆਂ ਇਹ ਜੜ੍ਹਾਂ ਇੰਨੀਆਂ ਡੂੰਘੀਆਂ ਹੋ ਚੁੱਕੀਆਂ ਹਨ ਕਿ ਇਸ ਨੂੰ ਖ਼ਤਮ ਕਰਨ ਲਈ ਕਈ ਵਾਰ ਪੁਲਿਸ ਕਰਮਚਾਰੀਆਂ ਨੂੰ ਵੀ ਮਾੜੇ ਨਤੀਜੇ ਭੁਗਤਣੇ ਪੈ ਰਹੇ ਹਨ। ਤਾਜ਼ਾ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ। ਜਿਥੇ ਨਸ਼ਾ ਤਸਕਰਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ।
ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਥਾਣਾ ਸਦਰ ਵਿਖੇ ਤੈਨਾਤ ਐਸ.ਐਚ.ਓ ਅਮਰਜੀਤ ਕੌਰ ਅਤੇ ਉਨ੍ਹਾਂ ਦੇ ਗੰਨਮੈਨ ਪਿੰਡ ਢੰਡੀ ਕਦੀਮ ਵਿਖੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਗਏ ਸਨ ਕਿਉਂਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਨਸ਼ਾ ਤਸਕਰਾਂ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ਾ ਮੰਗਵਾਇਆ ਹੈ। ਜਿਵੇਂ ਹੀ ਪੁਲਿਸ ਪਾਰਟੀ ਨੇ ਨਸ਼ਾ ਤਸਕਰਾਂ 'ਤੇ ਛਾਪਾ ਮਾਰਿਆ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ। ਸਿੱਟੇ ਵਜੋਂ ਐਸ.ਐਚ.ਓ ਅਮਰਜੀਤ ਕੌਰ ਦੀ ਬਾਂਹ ਟੁੱਟ ਗਈ ਤੇ ਉਨ੍ਹਾਂ ਦੇ 2 ਗੰਨਮੈਨਾਂ ਨੂੰ ਵੀ ਸੱਟਾਂ ਲੱਗੀਆਂ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਸ ਪਿੰਡ ਵਿੱਚ ਇੱਕ ਐਨਡੀਪੀਐਸ ਦਾ ਭਗੌੜਾ ਅਮਨਦੀਪ ਸਿੰਘ ਅਮਨਾ ਲੁਕਿਆ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਢਾਣੀ ਦੀ ਤਲਾਸ਼ੀ ਲੈਣੀ ਚਾਹੀ ਤਾਂ ਉੱਥੇ ਮੌਜੂਦ ਲੋਕਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਪੁਲਿਸ ਦੇ ਇੱਕ ਜਵਾਨ ਤੋਂ ਮੋਬਾਈਲ ਵੀ ਖੋਹ ਲਿਆ ਗਿਆ। ਪੁਲਿਸ ਨੇ 10 ਲੋਕਾਂ ਨੂੰ ਬਾਏ ਨੇਮ ਅਤੇ ਚਾਰ ਤੋਂ ਪੰਜ ਅਣਪਛਾਤਿਆਂ ਦੇ ਖਿਲਾਫ਼ ਥਾਣਾ ਸਦਰ ਜਲਾਲਾਬਾਦ ਵਿਖੇ ਐਫਆਈਆਰ ਦਰਜ ਕਰ ਲਈ ਹੈ। ਇਸ ਦੇ ਨਾਲ ਹੀ ਮਾਮਲੇ ਵਿੱਚ ਇੱਕ ਮਹਿਲਾ ਸਮੇਤ ਇੱਕ ਹੋਰ ਸ਼ਖਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।