
Ludhiana News: ਬੱਸ ਚਾਲਕ ਘਟਨਾ ਵਾਲੀ ਥਾਂ 'ਤੇ ਬੱਸ ਛੱਡ ਕੇ ਹੋਇਆ ਫ਼ਰਾਰ
Post office worker death in a Ludhiana road accident: ਲੁਧਿਆਣਾ ਵਿਚ ਡਾਕਖ਼ਾਨੇ ਵਿਚ ਕੰਮ ਕਰਦੇ ਇਕ ਵਿਅਕਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਚੰਡੀਗੜ੍ਹ ਰੋਡ 'ਤੇ ਇਕ ਤੇਜ਼ ਰਫਤਾਰ ਮਿੰਨੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦਾ ਨਾਮ ਜਸਦੇਵ ਸਿੰਘ ਹੈ। ਉਹ ਘਰ ਤੋਂ ਕੰਮ 'ਤੇ ਜਾ ਰਿਹਾ ਸੀ। ਬੱਸ ਚਾਲਕ ਘਟਨਾ ਵਾਲੀ ਥਾਂ 'ਤੇ ਬੱਸ ਛੱਡ ਕੇ ਫ਼ਰਾਰ ਹੋ ਗਿਆ।
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਦੇਵ ਸਿੰਘ ਦੇ ਪੁੱਤਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਆਪਣੀ ਐਕਟਿਵਾ 'ਤੇ ਡਿਊਟੀ ਲਈ ਜੇ.ਆਰ.ਐੱਸ.ਐੱਸ ਪੋਸਟ ਆਫ਼ਿਸ ਪਿੰਡ ਸੁਨੈਤ ਜਾ ਰਹੇ ਸਨ। ਸਿਮਰਨਜੀਤ ਅਨੁਸਾਰ ਉਹ ਆਪਣੇ ਪਿਤਾ ਦੇ ਪਿੱਛੇ ਬਾਈਕ 'ਤੇ ਆ ਰਿਹਾ ਸੀ। ਜਿਵੇਂ ਹੀ ਉਹ ਚੰਡੀਗੜ੍ਹ ਰੋਡ ’ਤੇ ਗਰੇਵਾਲ ਪੰਪ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਪਿੱਛੇ ਤੋਂ ਇੱਕ ਲਾਲ ਰੰਗ ਦੀ ਮਿੰਨੀ ਬੱਸ ਨੰਬਰ ਪੀਬੀ 10ਡੀਈ-2719 ਆ ਗਈ।
ਬੱਸ ਚਾਲਕ ਗੁਰਦੇਵ ਸਿੰਘ ਨੇ ਆਪਣੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਕਾਰਨ ਪਿਤਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਸਿਰ 'ਤੇ ਅੰਦਰੂਨੀ ਸੱਟ ਲੱਗਣ ਕਾਰਨ ਮੌਤ ਹੋਈ ਹੈ। ਮੌਤ ਦੇ ਅਸਲ ਕਾਰਨਾਂ ਦਾ ਬਾਕੀ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।
ਮੁਲਜ਼ਮ ਬੱਸ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਮੁਲਜ਼ਮ ਦੀ ਪਛਾਣ ਗੁਰਦੇਵ ਸਿੰਘ ਵਾਸੀ ਪਿੰਡ ਚੀਮਾ ਹਠੂਰ ਹਾਲ, ਸਰਪੰਚ ਟਿੱਬਾ ਕਲੋਨੀ ਥਾਣਾ ਜਮਾਲਪੁਰ ਵਜੋਂ ਹੋਈ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕਰ ਰਹੀ ਹੈ।