
Ludhiana News: ਪਾਕਿਸਤਾਨ 'ਚ ਬੈਠੇ ਲਖਬੀਰ ਦੇ ਇਸ਼ਾਰੇ 'ਤੇ ਹੋਇਆ ਸੀ ਧਮਾਕਾ
ਲੁਧਿਆਣਾ ਦੇ ਕੋਰਟ ਕੰਪਲੈਕਸ 'ਚ 2021 'ਚ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਐਨਆਈਏ ਨੇ ਚਾਰ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਹੈ। ਐਨਆਈਏ ਨੇ ਚਾਰਾਂ ਦੋਸ਼ੀਆਂ ਦੀ ਜਾਇਦਾਦ ਜ਼ਬਤ ਕਰ ਲਈ ਹੈ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਕਿਹਾ ਕਿ 23 ਦਸੰਬਰ 2021 ਨੂੰ ਹੋਏ ਧਮਾਕੇ ਵਿੱਚ ਆਈਈਡੀ ਨਾਲ ਬੰਬ ਵਿਸਫੋਟ ਕਰਨ ਵਾਲੇ ਵਿਅਕਤੀ ਦੀ ਮੌਤ ਹੋ ਗਈ ਸੀ।
ਇਸ ਘਟਨਾ 'ਚ ਗਗਨਦੀਪ ਸਿੰਘ ਨਾਮਕ ਵਿਅਕਤੀ ਦੀ ਮੌਤ ਅਤੇ 6 ਹੋਰ ਲੋਕ ਜ਼ਖ਼ਮੀ ਹੋ ਗਏ ਸਨ। ਮਾਮਲੇ ਦੀ ਜਾਂਚ ਤੋਂ ਬਾਅਦ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਏਜੰਸੀ ਨੇ ਮੁਲਜ਼ਮ ਸੁਰਮੁੱਖ ਪਿੰਡ ਕੋਟਲੀ ਖੇੜਾ ਦੀ ਕੁੱਲ 15 ਕਨਾਲ 19 ਮਰਲੇ, ਮੁਲਜ਼ਮ ਦਿਲਬਾਗ ਸਿੰਘ ਬੱਗੋ ਪਿੰਡ ਚੱਕਾ ਅੱਲ੍ਹਾ ਬਖਸ਼ ਦੀ ਕੁੱਲ 27 ਕਨਾਲ 16 ਮਰਲੇ, ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਪਿੰਡ ਮੰਡੀ ਖੁਰਦ ਦੀ ਕੁੱਲ 27 ਕਨਾਲ 1 ਮਰਲੇ ਅਤੇ ਪਿੰਡ ਬੱਖਾ ਹਰੀ ਦੀ ਕੁੱਲ 15 ਕਨਾਲ ਤੇ ਰਾਜਨਪ੍ਰੀਤ ਸਿੰਘ ਦੇ ਪਿੰਡ ਕੋਲੋਵਾਲ ਅੰਮ੍ਰਿਤਸਰ ਦੀ ਕੁੱਲ 18 ਮਰਲੇ ਜ਼ਮੀਨ ਜ਼ਬਤ ਕਰ ਲਈ ਗਈ ਹੈ।
ਐਨਆਈਏ ਦੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਇਹ ਧਮਾਕਾ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਯੂਥ ਫੈਡਰੇਸ਼ਨ (ISYF) ਦੇ ਮੁਖੀ ਲਖਬੀਰ ਸਿੰਘ ਰੋਡੇ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ। ਧਮਾਕੇ 'ਚ ਜ਼ਖ਼ਮੀ ਹੋਏ ਲੁਧਿਆਣਾ ਦੇ ਪਿੰਡ ਰਾਜਕੋਟ ਦੀ ਸੰਦੀਪ ਕੌਰ (31 ਸਾਲ) ਅਤੇ ਜਮਾਲਪੁਰ ਦੀ ਸ਼ਰਨਜੀਤ ਕੌਰ (25 ਸਾਲ) ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
ਪੁਲਿਸ ਕਲੋਨੀ ਦੇ ਰਹਿਣ ਵਾਲੇ ਮਨੀਸ਼ ਕੁਮਾਰ (32 ਸਾਲ) ਨੂੰ ਸੀ.ਐਮ.ਸੀ. ਲੁਧਿਆਣਾ ਵਿਚ ਭਰਤੀ ਕਰਵਾਇਆ ਗਿਆ ਸੀ। ਕੁਲਦੀਪ ਸਿੰਘ ਮੰਡ (50 ਸਾਲ) ਅਤੇ ਕ੍ਰਿਸ਼ਨ ਖੰਨਾ (75 ਸਾਲ) ਦਾ ਡੀਐਮਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਜ਼ਖ਼ਮੀ ਹੈ। ਇਹ ਧਮਾਕਾ ਲੁਧਿਆਣਾ ਕੋਰਟ ਕੰਪਲੈਕਸ ਦੀ ਤੀਜੀ ਮੰਜ਼ਿਲ 'ਤੇ ਸਥਿਤ ਬਾਥਰੂਮ 'ਚ ਹੋਇਆ ਸੀ।