
ਪੀੜਤ ਨਿਤੇਸ਼ ਪੁੱਤਰ ਰਾਮੇਸ਼ਵਰ ਬਰਵਾਲਾ ਰੋਡ 'ਤੇ ਰੇਲਵੇ ਕੋਚ ਦੇ ਪੁਰਜੇ ਬਣਾਉਣ ਵਾਲੀ ਫੈਕਟਰੀ 'ਚ ਕੰਮ ਕਰਦਾ ਹੈ।
ਡੇਰਾਬੱਸੀ: ਬਰਵਾਲਾ ਰੋਡ 'ਤੇ ਇਕ ਕੰਪਨੀ 'ਚ ਕੰਮ ਕਰਦੇ 19 ਸਾਲਾ ਮੁੰਡੇ ਦੀਆਂ ਇਕ ਹਾਦਸੇ ਦੌਰਾਨ ਹੱਥ ਦੀਆਂ 2 ਉਂਗਲੀਆਂ ਵੱਢ ਕੇ ਵੱਖ ਹੋ ਗਈਆਂ, ਜਿਨ੍ਹਾਂ ਨੂੰ ਫੜ੍ਹ ਕੇ ਬੱਸ 'ਚ ਧੱਕੇ ਖਾ ਕੇ ਉਹ ਪੀ. ਜੀ. ਆਈ. ਪਹੁੰਚ ਗਿਆ। ਜਾਣਕਾਰੀ ਮੁਤਾਬਕ ਪੀੜਤ ਨਿਤੇਸ਼ ਪੁੱਤਰ ਰਾਮੇਸ਼ਵਰ ਬਰਵਾਲਾ ਰੋਡ 'ਤੇ ਰੇਲਵੇ ਕੋਚ ਦੇ ਪੁਰਜੇ ਬਣਾਉਣ ਵਾਲੀ ਫੈਕਟਰੀ 'ਚ ਕੰਮ ਕਰਦਾ ਹੈ।
ਉਸ ਨੇ ਦੱਸਿਆ ਕਿ ਉਹ ਫੈਕਟਰੀ 'ਚ ਬੰਦ ਪਟੇ 'ਤੇ ਹੱਥ ਰੱਖ ਕੇ ਖੜ੍ਹਾ ਸੀ। ਇਸ ਦੌਰਾਨ ਕਿਸੇ ਨੇ ਮੋਟਰ ਚਲਾ ਦਿੱਤੀ, ਜਿਸ 'ਚ ਉਸ ਦਾ ਹੱਥ ਆਉਣ ਕਾਰਨ ਖੱਬੇ ਹੱਥ ਦੇ ਵਿਚਕਾਰ ਦੀਆਂ 2 ਉਂਗਲੀਆਂ ਵੱਢ ਕੇ ਵੱਖ ਹੋ ਗਈਆਂ। ਇਸ ਤੋਂ ਬਾਅਦ ਉੱਥੇ ਮੌਜੂਦ ਹੋਰ ਮਜ਼ਦੂਰ ਨਿਤੇਸ਼ ਨੂੰ ਲੈ ਕੇ ਡੇਰਾਬੱਸੀ ਸਿਵਲ ਹਸਪਤਾਲ ਪਹੁੰਚੇ। ਜਿੱਥੇ ਹੱਥ ’ਤੇ ਮੱਲ੍ਹਮ ਪੱਟੀ ਕਰ ਕੇ ਨਿਤੇਸ਼ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ। ਉਸ ਦੀਆਂ 2 ਵੱਢੀਆਂ ਉਂਗਲੀਆਂ ਨੂੰ ਬਰਫ਼ 'ਚ ਲਪੇਟ ਕੇ ਇਕ ਡੱਬਾ ਨਿਤੇਸ਼ ਨੂੰ ਦੇ ਦਿੱਤਾ ਗਿਆ। ਕੋਈ ਐਂਬੂਲੈਂਸ ਦੀ ਵਿਵਸਥਾ ਨਹੀਂ ਕੀਤੀ ਗਈ।
ਜ਼ਖ਼ਮੀ ਨਿਤੇਸ਼ ਆਪਣੇ ਸਾਥੀ ਧਰਮੂ ਨਾਲ ਬੱਸ 'ਚ ਧੱਕੇ ਖਾ ਕੇ ਪੀ. ਜੀ. ਆਈ. ਪਹੁੰਚਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡੇਰਾਬੱਸੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਐਂਬੂਲੈਂਸ ਸੇਵਾ ਲਈ ਕਿਹਾ ਗਿਆ ਸੀ ਪਰ ਪਤਾ ਨਹੀਂ ਕਦੋ ਉਹ ਹਸਪਤਾਲ ਦੇ ਬਾਹਰ ਚਲੇ ਗਏ। ਉਨ੍ਹਾਂ ਨੂੰ ਕੋਈ ਐਬੂਲੈਂਸ ਮੁਹੱਈਆਂ ਨਹੀਂ ਕਰਵਾਈ ਗਈ।
ਇਹ ਖ਼ਬਰ ਵੀ ਪੜ੍ਹੋ- ਦਿੱਲੀ ਸ਼ਰਾਬ ਘੁਟਾਲੇ ਵਿੱਚ ਹੋਈ ਸਭ ਤੋਂ ਵੱਡੀ ਗ੍ਰਿਫ਼ਤਾਰੀ, ED ਨੇ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਕੀਤਾ ਗ੍ਰਿਫ਼ਤਾਰ
ਕੰਪਨੀ ਮਾਲਕ ਨਰੇਸ਼ ਕਾਂਸਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਦਾ ਅਸੂਲ ਹੈ ਕਿ ਜੇਕਰ ਕੋਈ ਵਿਅਕਤੀ ਡਿਊਟੀ ਦੌਰਾਨ ਜ਼ਖ਼ਮੀ ਹੁੰਦਾ ਹੈ ਤਾਂ ਐੱਚ. ਆਰ. ਵਾਲਾ ਵਿਅਕਤੀ ਉਸ ਇਲਾਜ ਕਰਾਵਉਂਦਾ ਹੈ। ਜੇਕਰ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਉਹ ਖ਼ੁਦ ਇਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ। ਪ੍ਰਬੰਧਕਾਂ ਨੇ ਜੇਕਰ ਅਜਿਹਾ ਨਹੀਂ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਵਲੋਂ ਜ਼ਖ਼ਮੀ ਨਿਤੇਸ਼ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।