
ਮੋਤੀ ਮਹਿਲ ਦਾ ਘਿਰਾਓ ਕਰਨ ਪਹੁੰਚੇ ਸਨ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ
ਪਟਿਆਲਾ : ਪਿਛਲੇ ਚਾਰ ਸਤੰਬਰ ਤੋਂ ਲਗਾਤਾਰ ਸੰਗਰੂਰ ਸੁਨਾਮੀ ਗੇਟ ਕੋਲ ਟੈਂਕੀ ਹੇਠਾਂ ਬੈਠੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਅੱਧਾ ਸਾਲ ਦੇ ਕਰੀਬ ਹੋ ਚੁੱਕਾ ਹੈ। ਸਰਕਾਰ ਦੇ ਵਤੀਰੇ ਤੋਂ ਦੁਖੀ ਇਹ ਅਧਿਆਪਕ ਹੁਣ ਸਰਕਾਰ ਨਾਲ ਆਰ-ਪਾਰ ਦੇ ਰੌਂਅ ਵਿਚ ਹਨ। ਇਸੇ ਤਹਿਤ ਇਨ੍ਹਾਂ ਨੇ ਅੱਜ ਪਟਿਆਲਾ ਵਿਖੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਅੱਜ ਜਦੋਂ ਬੇਰੁਜ਼ਗਾਰ ਅਧਿਆਪਕ ਦੁਪਹਿਰ ਨੂੰ ਨਹਿਰੂ ਪਾਰਕ ਵਿਖੇ ਇਕੱਠੇ ਹੋਏ ਤਾਂ ਪੁਲਿਸ ਵਲੋਂ ਨਹਿਰੂ ਬਾਗ ਦੀ ਘੇਰਾਬੰਦੀ ਸ਼ੁਰੂ ਕਰਨੀ ਕਰ ਦਿਤੀ।
Photo
ਇਸ ਤੋਂ ਬਾਅਦ ਇਨ੍ਹਾਂ ਅਧਿਆਪਕਾਂ ਨੇ ਨਹਿਰੂ ਪਾਰਕ ਦੀਆਂ ਤਾਰਾਂ ਨੂੰ ਟੱਪ ਕੇ ਸਿੱਧਾ ਮੋਤੀ ਮਹਿਲ ਵੱਲ ਵਧਣਾ ਸ਼ੁਰੂ ਕਰ ਦਿਤਾ। ਪੁਲਿਸ ਪ੍ਰਸ਼ਾਸਨ ਵਲੋਂ ਰਸਤੇ ਵਿਚ ਕਈ ਥਾਵਾਂ ਤੇ ਧੱਕਾਮੁੱਕੀ ਕੀਤੀ ਗਈ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਬਾਅਦ ਵਾਈ ਪੀ ਐੱਸ ਚੌਕ 'ਤੇ ਪੁਲਿਸ ਨੇ ਬੈਰੀਗੇਟ ਲਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
Photo
ਜਦੋਂ ਇਹ ਨਹੀਂ ਰੁਕੇ ਤਾਂ ਪੁਲਿਸ ਨੇ ਇਨ੍ਹਾਂ 'ਤੇ ਲਾਠੀਚਾਰਜ ਸ਼ੁਰੂ ਕਰ ਦਿਤਾ। ਪੁਲਿਸ ਵੱਲੋਂ ਕੀਤੇ ਗਏ ਇਸ ਲਾਠੀਚਾਰਜ ਵਿਚ ਲਵਦੀਪ ਸਿੰਘ, ਰਸਪ੍ਰੀਤ ਸਿੰਘ ਅਤੇ ਬੇਅੰਤ ਨਾਮ ਦੇ ਅਧਿਆਪਕਾਂ ਦੀਆਂ ਪੱਗਾਂ ਵੀ ਲੱਥੀਆਂ ਅਤੇ ਗੰਭੀਰ ਜ਼ਖ਼ਮੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
Photo
ਪੁਲਿਸ ਦੀ ਇਸ ਕਾਰਵਾਈ ਤੋਂ ਨਾਰਾਜ਼ ਕਈ ਅਧਿਆਪਕ ਪਿੰਡ ਮਾਸਿਆਣਾ ਦੇ ਨੇੜੇ ਲੱਗਦੀ ਭਾਖੜਾ ਨਹਿਰ 'ਚ ਛਾਲ ਮਾਰਨ ਪਹੁੰਚ ਗਏ। ਇਸ ਦੌਰਾਨ ਇੱਥੇ ਅਧਿਆਪਕਾਂ ਨੇ ਕੁਝ ਦੇਰ ਸਰਕਾਰ ਵਿਰੁੱਧ ਨਾਹਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਵਿਚੋਂ ਇੱਕ ਅਧਿਆਪਕ ਨੇ ਨਹਿਰ 'ਚ ਛਾਲ ਮਾਰ ਦਿਤੀ। ਗਨੀਮਤ ਰਹੀ ਕਿ ਨਾਲ ਖੜੇ ਅਧਿਆਪਕਾਂ ਤੇ ਗੋਤਾਖੋਰਾਂ ਨੇ ਉਸ ਨੂੰ ਰੱਸੇ ਦੀ ਮਦਦ ਨਾਲ ਬਾਹਰ ਕੱਢਿਆ ਲਿਆ। ਉਸ ਨੂੰ ਗੰਭੀਰ ਹਾਲਤ ਵਿਚ ਰਜਿੰਦਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Photo
ਇਸ ਮੌਕੇ ਭਰਾਤਰੀ ਜਥੇਬੰਦੀਆਂ ਵਜੋਂ ਐਸਐਸਏ ਰਮਸਾ ਦੇ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ ਡੀਟੀਐਫ ਦੇ ਸੂਬਾ ਪ੍ਰਧਾਨ ਦਵਿੰਦਰ ਪੂਨੀਆ ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਹਿਮਾਇਤ ਲਈ ਆਏ। ਇਸ ਮੌਕੇ ਮੌਜੂਦ ਸਾਥੀ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਸੁਰਜੀਤ ਚਪਾਤੀ ਜਰਨੈਲ ਸੰਗਰੂਰ ਮਨੀ ਸੰਗਰੂਰ ਡਾਕਟਰ ਪਰਵਿੰਦਰ ਲਾਹੌਰੀਆ ਅਮਿਤ ਜਲਾਲਾਬਾਦ ਰਾਜ ਕੁਮਾਰ ਮਾਨਸਾ ਜਗਵਿੰਦਰ ਮਾਨਸਾ ਰਾਜਵੀਰ ਕੌਰ ਮੁਕਤਸਰ ਆਦਿ ਸਾਥੀ ਮੌਜੂਦ ਸਨ।