
ਪੰਜਾਬ ਪੁਲਿਸ ਦੀ ਰਾਤ ਨੂੰ ਸੁਰੱਖਿਅਤ ਘਰ ਪਹੁੰਚਾਣ ਦੀ ਯੋਜਨਾ ਨਾਲ ਖ਼ੁਦ ਨੂੰ ਬਿਲਕੁਲ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਮਹਿਲਾਵਾਂ
ਰੋਜ਼ਾਨਾ ਸਪੋਕਸਮੈਨ ਦੀ ਮਹਿਲਾ ਪੱਤਰਕਾਰ ਨੇ ਖ਼ੁਦ ਇਸ ਸਹੂਲਤ ਦਾ ਅਭਿਆਸ ਕੀਤਾ
ਅੱਜ ਪੂਰੀ ਦੁਨੀਆਂ ਕੌਮਾਂਤਰੀ ਮਹਿਲਾ ਦਿਵਸ ਮਨਾ ਰਹੀ ਹੈ। ਇਸ ਦਿਨ ਦੇਸ਼ ਦੇ ਲੀਡਰਾਂ ਵਲੋਂ ਔਰਤਾਂ ਦੀ ਸੁਰੱਖਿਆ ਅਤੇ ਚੰਗੇ ਭਵਿੱਖ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਇਸ ਦਿਵਸ ਦਾ ਇਕੋ-ਇਕ ਸੰਦੇਸ਼ ਨਾਰੀ ਦਾ ਸਸ਼ਕਤੀਕਰਨ ਕਰਨਾ ਹੈ। ਭਾਵ ਦੇਸ਼ ਅੰਦਰ ਔਰਤਾਂ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੀ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮਕਸਦ ਹੈ।
ਇਸ ਦੇ ਨਾਲ ਹੀ ਇਸ ਦਿਨ ਦਾ ਉਦੇਸ਼ ਔਰਤਾਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਤੋਂ ਜਾਣੂ ਕਰਵਾਉਣਾ ਵੀ ਹੈ। ਔਰਤਾਂ ਦੀ ਇੱਜ਼ਤ ਕਰਨਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣਾ ਵੀ ਹਰ ਦੇਸ਼ ਦਾ ਮੁੱਖ ਫ਼ਰਜ਼ ਬਣਦਾ ਹੈ। ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਵਲੋਂ ਔਰਤਾਂ ਦੀ ਸੁਰੱਖਿਆ ਲਈ ਕਈ ਦਾਅਵੇ ਕੀਤੇ ਜਾਂਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਵੀ ਔਰਤਾਂ ਦੀ ਸੁਰੱਖਿਆ ਲਈ ਮੁਫ਼ਤ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਪੰਜਾਬ ਪੁਲਿਸ ਵਲੋਂ ਔਰਤਾਂ ਨੂੰ ਰਾਤ ਸਮੇਂ ਮੁਫ਼ਤ ਘਰ ਤਕ ਪਹੁੰਚਾਉਣ ਦੀ ਸਹੂਲਤ ਦਿਤੀ ਜਾਂਦੀ ਹੈ। ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ ਸਰਕਾਰ ਦੀ ਇਸ ਸਹੂਲਤ ਦੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਕੀਕਤ ਜਾਣਨ ਲਈ ਸਪੋਕਸਮੈਨ ਦੀ ਪ੍ਰਤੀਨਿਧ ਨੇ ਸਰਕਾਰ ਵਲੋਂ ਜਾਰੀ ਹੈਲਪਲਾਈਨ ਨੰਬਰ 100 'ਤੇ ਫ਼ੋਨ ਕੀਤਾ।
ਇਸ ਦੌਰਾਨ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਸਮਮੁਚ ਹੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਹੂਲਤ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੀ ਹੈ ਜਾਂ ਇਹ ਸੱਭ ਕੁੱਝ ਕਾਗ਼ਜ਼ਾਂ ਤਕ ਹੀ ਸੀਮਤ ਹੈ। ਸੱਭ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਦੀ ਪੱਤਰਕਾਰ ਅਰਪਨ ਕੌਰ ਨੇ ਰਾਤ 10.00 ਵਜੇ ਪੁਲਿਸ ਵਲੋਂ ਜਾਰੀ ਵੁਮੈਨ ਹੈਲਪਲਾਈਨ ਨੰਬਰ 100 'ਤੇ ਫ਼ੋਨ ਕੀਤਾ ਗਿਆ।
Photo
ਇਸ ਨੰਬਰ ਨੂੰ ਜਾਰੀ ਕਰਨ ਦਾ ਮਕਸਦ ਹੈ ਕਿ ਜੇ ਕੋਈ ਵੀ ਔਰਤ ਅਪਣੇ ਕੰਮ ਤੋਂ ਜਾਂ ਕਿਸੇ ਹੋਰ ਕਾਰਨ ਕਰ ਕੇ ਘਰ ਜਾਣ ਲਈ ਲੇਟ ਹੁੰਦੀ ਹੈ ਤਾਂ ਪੁਲਿਸ ਉਸ ਨੂੰ ਸੁਰੱਖਿਅਤ ਘਰ ਛੱਡ ਕੇ ਆਉਂਦੀ ਹੈ। ਇਸ ਦੌਰਾਨ ਨਜ਼ਦੀਕੀ ਪੁਲਿਸ ਸਟੇਸ਼ਨ ਦੇ ਅਧਿਕਾਰੀ ਔਰਤ ਦੀ ਘਰ ਪਹੁੰਚਣ ਵਿਚ ਮਦਦ ਕਰਦੇ ਹਨ। ਇਸ ਤੋਂ ਪਹਿਲਾਂ ਵੀ ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ ਪੁਲਿਸ ਵਲ਼ੋਂ ਚਲਾਈ ਜਾ ਰਹੀ ਇਸ ਸਹੂਲਤ ਦੀ ਅਸਲੀਅਤ ਜਾਂਚੀ ਗਈ ਸੀ।
ਉਸ ਸਮੇਂ ਪੰਜਾਬ ਪੁਲਿਸ ਨੇ ਮਦਦ ਤਾਂ ਕੀਤੀ ਸੀ ਪਰ ਪੁਲਿਸ ਨੂੰ ਪਹੁੰਚਣ ਵਿਚ ਦੇਰ ਹੋ ਗਈ ਸੀ। ਉਸ ਸਮੇਂ ਦੇਰ ਨਾਲ ਪਹੁੰਚਣ ਦਾ ਕਾਰਨ, ਇਸ ਸਹੂਲਤ ਦੇ ਕੁੱਝ ਹੀ ਸਮਾਂ ਪਹਿਲਾਂ ਹੀ ਸ਼ੁਰੂ ਹੋਣ ਨੂੰ ਦਸਿਆ ਗਿਆ। ਜੀਪੀਐਸ ਸਿਸਟਮ ਅਪਡੇਟ ਨਾ ਹੋਣ ਕਾਰਨ ਪੁਲਿਸ ਕੁੱਝ ਸਮੇਂ ਲਈ ਦੇਰੀ ਨਾਲ ਪਹੁੰਚੀ। ਜਦ ਲੜਕੀ ਨੇ ਪੁਲਿਸ ਨੂੰ ਫ਼ੋਨ ਕੀਤਾ ਤਾਂ ਪੁਲਿਸ ਅਧਿਕਾਰੀ ਨੇ ਫ਼ੋਨ ਚੁਕਿਆ।
ਇਸ ਤੋਂ ਬਾਅਦ ਲੜਕੀ ਨੇ ਪੁਲਿਸ ਨੂੰ ਕਿਹਾ ਕਿ ਉਹ ਮੋਹਾਲੀ ਵਿਚ ਇਕ ਕੰਪਨੀ ਵਿਚ ਕੰਮ ਕਰਦੀ ਹੈ ਅਤੇ ਉਸ ਨੂੰ ਕੋਈ ਆਟੋ ਨਹੀਂ ਮਿਲ ਰਿਹਾ। ਇਸ ਲਈ ਘਰ ਪਹੁੰਚਣ ਲਈ ਪੁਲਿਸ ਦੀ ਮਦਦ ਚਾਹੀਦੀ ਹੈ। ਪੁਲਿਸ ਨੇ ਲੜਕੀ ਦੀ ਲੋਕੇਸ਼ਨ ਪੁਛੀ ਤੇ ਲੜਕੀ ਨੇ ਪੁਲਿਸ ਨੂੰ ਦਸਿਆ ਕਿ ਉਸ ਨੂੰ ਇਸ ਜਗ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਤੇ ਇਸ ਤੋਂ ਬਾਅਦ ਲੜਕੀ ਨੇ ਕਿਸੇ ਕੋਲੋਂ ਪੁਛ ਕੇ ਪੁਲਿਸ ਨੂੰ ਦਸਿਆ ਕਿ ਉਹ ਮੋਹਾਲੀ ਫ਼ੇਜ਼ ਇਕ ਵਿਚ ਖੜੀ ਹੈ।
Photo
ਪੁਲਿਸ ਨੇ ਲੜਕੀ ਕੋਲੋਂ ਉਸ ਦਾ ਨਾਮ ਅਤੇ ਉਸ ਦੇ ਪਿਤਾ/ਪਤੀ ਦਾ ਨਾਮ ਪੁਛਿਆ। ਪੁਲਿਸ ਨੇ ਲੜਕੀ ਨੂੰ ਪੁਛਿਆ ਕਿ ਉਸ ਨੇ ਉਬਰ ਜਾਂ ਔਲਾ ਬੁਕ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਤਾਂ ਲੜਕੀ ਨੇ ਕਿਹਾ ਕਿ ਨੈੱਟਵਰਕ ਦੀ ਸਮੱਸਿਆ ਆ ਰਹੀ ਹੈ ਕਿਉਂਕਿ ਮੌਸਮ ਖ਼ਰਾਬ ਹੈ। ਪੁਲਿਸ ਨੇ ਲੜਕੀ ਨੂੰ ਕਿਹਾ ਕਿ ਉਹ ਕਿਸੇ ਸੁਰੱਖਿਅਤ ਥਾਂ 'ਤੇ ਖਲੋ ਜਾਵੇ ਤੇ ਉਹ ਕੁੱਝ ਦੇਰ ਵਿਚ ਪਹੁੰਚ ਜਾਵੇਗੀ।
ਪੁਲਿਸ ਨੇ ਉਸ ਨੂੰ ਨਾ ਡਰਨ ਦੀ ਸਲਾਹ ਵੀ ਦਿਤੀ। ਫ਼ੋਨ ਕੱਟਣ ਤੋਂ ਬਾਅਦ ਪੁਲਿਸ ਵਲੋਂ ਲੜਕੀ ਦੇ ਫ਼ੋਨ 'ਤੇ ਇਕ ਸੁਨੇਹਾ ਭੇਜਿਆ ਗਿਆ ਜਿਸ ਵਿਚ ਲਿਖਿਆ ਸੀ ਕਿ ਉਨ੍ਹਾਂ ਵਲੋਂ ਪੁਲਿਸ ਨੂੰ ਕੀਤੀ ਗਈ ਬੇਨਤੀ ਪ੍ਰਵਾਨ ਕਰ ਲਈ ਗਈ ਹੈ ਤੇ ਇਸ 'ਤੇ ਜਲਦ ਹੀ ਕਾਰਵਾਈ ਪੂਰੀ ਕੀਤੀ ਜਾਵੇਗੀ। ਇਸ ਤੋਂ ਬਾਅਦ 20 ਮਿੰਟ ਦੇ ਅੰਦਰ ਪੁਲਿਸ ਲੜਕੀ ਕੋਲ ਪਹੁੰਚੀ ਤੇ ਪੁਲਿਸ ਨੇ ਲੜਕੀ ਨੂੰ ਸੁਰੱਖਿਅਤ ਘਰ ਪਹੁੰਚਾ ਦਿਤਾ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨਾਲ ਕੋਈ ਮਹਿਲਾ ਪੁਲਿਸ ਅਧਿਕਾਰੀ ਮੌਜੂਦ ਨਹੀਂ ਸੀ।
Photo
ਇਸ ਦੌਰਾਨ ਹੈੱਡ ਕਾਂਸਟੇਬਰ ਸੁਖਦੀਪ ਸਿੰਘ ਅਤੇ ਹੈੱਡ ਕਾਂਸਟੇਬਰ ਸਲੀਮ ਮੁਹੰਮਦ ਨੇ ਉਸ ਨੂੰ ਸੁਰੱਖਿਅਤ ਘਰ ਪਹੁੰਚਾਇਆ। ਉਨ੍ਹਾਂ ਨੇ ਲੜਕੀ ਨੂੰ ਦਸਿਆ ਕਿ ਜਦ ਪੁਲਿਸ ਨੂੰ ਇਸ ਤਰ੍ਹਾਂ ਦਾ ਕੋਈ ਫ਼ੋਨ ਜਾਂਦਾ ਹੈ, ਤਾਂ ਪੁਲਿਸ ਉਸੇ ਸਮੇਂ ਲੋਕੇਸ਼ਨ ਨੂੰ ਲੱਭਣ ਵਿਚ ਜੁਟ ਜਾਂਦੀ ਹੈ। ਉਨ੍ਹਾਂ ਕਿਹਾ ਉਨ੍ਹਾਂ ਨੂੰ ਹੁਣ ਤਕ ਅਜਿਹੇ ਫ਼ੋਨ ਨਹੀਂ ਆਏ, ਜਿਸ ਵਿਚ ਕੁੜੀਆਂ ਨੇ ਮਦਦ ਮੰਗੀ ਹੋਵੇ ਪਰ ਜੇ ਕੋਈ ਕੁੜੀ ਮਦਦ ਮੰਗੇਗੀ ਤਾਂ ਉਹ ਜ਼ਰੂਰ ਮਦਦ ਕਰਨਗੇ।
Photo
ਉਨ੍ਹਾਂ ਦਸਿਆ ਕਿ ਇਸ ਕੰਮ ਲਈ ਮਹਿਲਾ ਅਧਿਕਾਰੀਆਂ ਦੀ ਵੀ ਰਾਤ ਸਮੇਂ ਡਿਊਟੀ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਰਾਖੀ ਲਈ ਹੀ ਬਣੀ ਹੈ ਤੇ ਸਾਰਿਆਂ ਨੂੰ ਲੋੜ ਪੈਣ 'ਤੇ ਪੁਲਿਸ ਦੀ ਮਦਦ ਲੈਣੀ ਚਾਹੀਦੀ ਹੈ। ਰੋਜ਼ਾਨਾ ਸਪੋਕਸਮੈਨ ਵਲੋਂ ਵੀ ਸਾਰੀਆਂ ਔਰਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਨੂੰ ਬਹੁਤ ਸਾਰੀਆਂ ਸਹੂਲਤਾਂ ਦਿਤੀਆਂ ਹਨ ਤੇ ਸਾਰੀਆਂ ਔਰਤਾਂ ਨੂੰ ਅਪਣੀ ਸੁਰੱਖਿਆ ਲਈ ਇਨ੍ਹਾਂ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ।