
ਲੁਧਿਆਣਾ ’ਚ ਜਿਊਲਰ ਦੇ ਕਾਤਲਾਂ ਨੂੰ ਉਮਰ ਕੈਦ
ਲੁਧਿਆਣਾ, 8 ਮਾਰਚ (ਪਪ) : ਵਧੀਕ ਸੈਸ਼ਨ ਜੱਜ ਵਿਜੇ ਕੁਮਾਰ ਦੀ ਅਦਾਲਤ ਨੇ ਲੁਧਿਆਣਾ ਦੇ ਇਕ ਪ੍ਰਮੁੱਖ ਜਿਊਲਰ ਰਜਿੰਦਰ ਕੁਮਾਰ ਵਰਮਾ ਦਾ ਕਤਲ ਕਰਨ ਦੇ ਦੋਸ਼ ’ਚ ਮੁਲਜ਼ਮ ਗੁਰਮੀਤ ਸਿੰਘ ਉਰਫ਼ ਮਿੱਟੀ, ਦਰਸ਼ਨ ਸਿੰਘ ਉਰਫ਼ ਦਰਸ਼ੀ, ਅਵਤਾਰ ਸਿੰਘ ਉਰਫ਼ ਭੋਲਾ ਨਿਵਾਸੀ ਬਰਨਾਲਾ ਅਤੇ ਵਰਿੰਦਰ ਸਿੰਘ ਨਿਵਾਸੀ ਪਟਿਆਲਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਪੁਲਸ ਥਾਣਾ ਸੁਧਾਰ ਵਲੋਂ 21 ਦਸੰਬਰ, 2015 ਨੂੰ ਵੱਖ-ਵੱਖ ਧਾਰਾਵਾਂ ਤਹਿਤ ਮ੍ਰਿਤਕ ਰਜਿੰਦਰ ਕੁਮਾਰ ਵਰਮਾ ਦੇ ਡਰਾਈਵਰ ਰੌਸ਼ਨ ਲਾਲ ਸ਼ਰਮਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿਤੇ ਅਪਣੇ ਬਿਆਨ ’ਚ ਦਸਿਆ ਸੀ ਕਿ ਘਟਨਾ ਵਾਲੇ ਦਿਨ ਉਹ ਅਪਣੇ ਮਾਲਕ ਰਜਿੰਦਰ ਕੁਮਾਰ ਵਰਮਾ ਨਾਲ ਬਰਨਾਲਾ ’ਚ ਗਿਆ ਸੀ, ਜਿਥੇ ਰਜਿੰਦਰ ਕੁਮਾਰ ਵਰਮਾ ਨੇ ਕਈ ਜਿਊਲਰ ਸ਼ਾਪ ਦੇ ਮਾਲਕਾਂ ਨਾਲ ਮੁਲਾਕਾਤ ਕੀਤੀ ਅਤੇ ਵਾਪਸ ਲੁਧਿਆਣਾ ਵਲ ਚੱਲ ਪਏ ਪਰ ਰਸਤੇ ’ਚ ਜਦੋਂ ਉਹ ਕੱਕੜ ਫਿਲਿੰਗ ਸਟੇਸ਼ਨ ਕੋਲ ਪੁੱਜੇ ਤਾਂ ਉਨ੍ਹਾਂ ਦੀ ਇਨੋਵਾ ਕਾਰ ਅੱਗੇ ਅਚਾਨਕ ਇਕ ਵਰਨਾ ਕਾਰ ਰੋਡ ਕੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ ਅਤੇ ਉਸ ’ਚ ਸਵਾਰ ਮੁਲਜ਼ਮਾਂ ਨੇ ਪਿਸਤੌਲ ਅਤੇ ਹੋਰਨਾਂ ਹਥਿਆਰਾਂ ਦੇ ਜ਼ੋਰ ’ਤੇ ਕਾਰ ’ਚੋਂ ਉਸ ਨੂੰ ਕੱਢ ਦਿਤਾ ਅਤੇ ਉਸ ਦੇ ਮਾਲਕ ਰਜਿੰਦਰ ਕੁਮਾਰ ਵਰਮਾ ਨੂੰ ਇਨੋਵਾ ਕਾਰ ਸਮੇਤ ਉਸ ਨੂੰ ਅਗ਼ਵਾ ਕਰ ਕੇ ਅਪਣੇ ਨਾਲ ਲੈ ਗਏ।
ਬਾਅਦ ਵਿਚ ਉਸ ਨੇ ਰਸਤੇ ਵਿਚ ਜਾ ਰਹੇ ਇਕ ਵਿਅਕਤੀ ਤੋਂ ਮੋਬਾਈਲ ਫ਼ੋਨ ਲੈ ਕੇ ਰਜਿੰਦਰ ਕੁਮਾਰ ਵਰਮਾ ਦੇ ਪੁੱਤਰ ਨੂੰ ਫ਼ੋਨ ਕਰ ਕੇ ਸਾਰੀ ਜਾਣਕਾਰੀ ਦਿਤੀ। ਪੁਲਿਸ ਵਲੋਂ ਅਣਪਛਾਤੇ ਮੁਲਜ਼ਮਾਂ ਵਿਰੁਧ ਧਾਰਾ-364 ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਪਰ ਜਾਂਚ ਦੌਰਾਨ ਪੁਲਿਸ ਨੂੰ ਦਵਿੰਦਰ ਸਿੰਘ ਨਾਮੀ ਇਕ ਵਿਅਕਤੀ ਨੇ ਉਸ ਦੇ ਖੇਤ ’ਚ ਪਏ ਮੋਬਾਈਲ ਫ਼ੋਨ ਅਤੇ ਖਿੱਲਰੇ ਹੋਏ ਖੂਨ ਸਬੰਧੀ ਦਸਿਆ ਅਤੇ ਪੁਲਿਸ ਵਲੋਂ ਜਾਂਚ-ਪੜਤਾਲ ਕਰਨ ਤੋਂ ਬਾਅਦ ਆਖ਼ਰਕਾਰ ਮੁਲਜ਼ਮਾਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰ ਦਿਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਮ੍ਰਿਤਕ ਕੋਲੋਂ ਲੁੱਟੀ ਗਈ ਨਕਦੀ ਅਤੇ ਸੋਨੇ ਦੇ ਗਹਿਣੇ ਵੀ ਬਰਾਮਦ ਕਰ ਲਏ।
ਅਦਾਲਤ ’ਚ ਮੁਲਜ਼ਮਾਂ ਵਲੋਂ ਅਪਣੇ ਆਪ ਨੂੰ ਬੇਕਸੂਰ ਦਸਿਆ ਗਿਆ ਪਰ ਅਦਾਲਤ ਨੇ ਸਬੂਤਾਂ ਨੂੰ ਵੇਖਦੇ ਹੋਏ ਜਿਥੇ ਉਕਤ ਚਾਰੇ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ 1-1 ਲੱਖ ਅਤੇ ਇਕ-ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ, ਨਾਲ ਹੀ ਮੁਲਜ਼ਮ ਸਰਬਜੀਤ ਸਿੰਘ ਨੂੰ 3 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਪਰ ਉਸ ਨੂੰ ਕਤਲ ਦੇ ਦੋਸ਼ਾਂ ਤੋਂ ਬਰੀ ਕਰ ਦਿਤਾ।