
ਮੱਧ ਪ੍ਰਦੇਸ਼ ਦੇ ਆਰਥਕ ਪੱਖੋਂ ਕਮਜ਼ੋਰ ਕਿਸਾਨਾਂ ਦੀ ਮਦਦ ਲਈ ਪ੍ਰਵਾਸ ਕਰਨ ਲੱਗੇ ਪੰਜਾਬੀ ਕਿਸਾਨ
ਕੋਟਕਪੂਰਾ, 7 ਮਾਰਚ (ਗੁਰਿੰਦਰ ਸਿੰਘ) : ਹਾੜ੍ਹੀ ਦੇ ਸੀਜ਼ਨ 'ਚ ਚੰਗੀ ਕਮਾਈ ਦੀ ਆਸ ਨਾਲ ਪੰਜਾਬ ਦੇ ਹਜ਼ਾਰਾਂ ਕਿਸਾਨ ਅਪਣੀਆਂ ਕੰਬਾਈਨਾਂ, ਟਰੈਕਟਰ-ਟਰਾਲੀਆਂ ਅਤੇ ਰੀਪਰਾਂ ਸਮੇਤ ਹੋਰਨਾਂ ਰਾਜਾਂ 'ਚ ਕੰਮ ਕਰਨ ਲਈ ਜਾ ਰਹੇ ਹਨ | ਕਿਸਾਨ ਅਪਣੇ ਦੋ ਮਹੀਨਿਆਂ ਤੋਂ ਵੱਧ ਦੇ ਪ੍ਰਵਾਸ ਦੌਰਾਨ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਮਹਾਂਰਾਸ਼ਟਰ ਆਦਿ ਸੂਬਿਆਂ 'ਚ ਉਥੋਂ ਦੇ ਕਿਸਾਨਾਂ ਨੂੰ ਕੰਬਾਈਨਾਂ, ਰੀਪਰ ਆਦਿ ਦੀਆਂ ਸੇਵਾਵਾਂ ਮੁਹੱਈਆ ਕਰਵਾਉਣਗੇ |
ਕਿਸਾਨ ਆਗੂਆਂ ਮੁਤਾਬਿਕ ਉਹ ਪਿਛਲੇ 10 ਸਾਲ ਤੋਂ ਹੋਰਨਾਂ ਸੂਬਿਆਂ 'ਚ ਹਾੜ੍ਹੀ ਦੇ ਸੀਜ਼ਨ ਦੌਰਾਨ ਕਣਕ, ਸਰ੍ਹੋਂ, ਜੌਂ ਅਤੇ ਤੋਰੀਆ ਆਦਿ ਫ਼ਸਲ ਵੱਢਣ ਲਈ ਜਾਂਦੇ ਹਨ ਅਤੇ ਦੋ ਮਹੀਨਿਆਂ ਦੇ ਸੀਜ਼ਨ ਦੌਰਾਨ ਉਨ੍ਹਾਂ ਨੂੰ ਇਕ ਲੱਖ ਰੁਪਏ ਦੀ ਆਮਦਨ ਹੋ ਜਾਂਦੀ ਹੈ ਪਰ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਦੇ ਕਿਸਾਨ ਖੁਲ੍ਹ ਕੇ ਹੋਰਨਾਂ ਸੂਬਿਆਂ 'ਚ ਹਾੜ੍ਹੀ ਦੇ ਸੀਜ਼ਨ ਦੌਰਾਨ ਕੰਮ ਲਈ ਨਹੀਂ ਜਾ ਸਕੇ | ਮੱਧ ਪ੍ਰਦੇਸ਼ ਸਰਕਾਰ ਨੇ ਪੰਜਾਬ ਦੇ ਉਨ੍ਹਾਂ ਕਿਸਾਨਾਂ ਦੇ ਟੌਲ ਪਲਾਜ਼ੇ ਮਾਫ਼ ਕਰਨ ਦਾ ਐਲਾਨ ਕੀਤਾ ਹੈ, ਜੋ ਕੰਬਾਈਨਾਂ, ਟਰੈਕਟਰ ਅਤੇ ਰੀਪਰ ਲੈ ਕੇ ਹਾੜ੍ਹੀ ਦੇ ਸੀਜ਼ਨ 'ਚ ਮੱਧ ਪ੍ਰਦੇਸ਼ ਜਾ ਰਹੇ ਹਨ | ਜਦਕਿ ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ 'ਚ ਜਾਣ ਵਾਲੇ ਕਿਸਾਨਾਂ ਨੂੰ ਕੌਮੀ ਮਾਰਗਾਂ ਉਪਰ ਟੌਲ ਪਲਾਜ਼ਾ ਦੇਣਾ ਪਵੇਗਾ |
ਗੁਜਰਾਤ ਅਤੇ ਰਾਜਸਥਾਨ 'ਚ ਅਪਣੀ ਕੰਬਾਈਨ ਲਿਜਾ ਕੇ ਸੀਜ਼ਨ ਦੌਰਾਨ ਵਾਢੀ ਕਰਨ ਵਾਲੇ ਕਿਸਾਨ ਰਾਜਪਾਲ ਸਿੰਘ ਵਾਸੀ ਪਿੰਡ ਅਰਾਈਆਂਵਾਲਾ ਕਲਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਮਸ਼ੀਨਰੀ ਕਾਰਨ ਹੋਰਨਾਂ ਸੂਬਿਆਂ ਨੂੰ ਖੇਤੀ ਕਰਨ 'ਚ ਕਾਫ਼ੀ ਮਦਦ ਮਿਲੀ ਹੈ, ਕਿਉਂਕਿ ਉਥੋਂ ਦਾ ਕਿਸਾਨ ਗ਼ਰੀਬ ਹੈ ਅਤੇ ਉਸ ਕੋਲ ਮਸ਼ੀਨਰੀ ਦੀ ਵੱਡੀ ਘਾਟ ਹੈ, ਜਿਸ ਨੂੰ ਪੰਜਾਬ ਦੇ ਕਿਸਾਨ ਪੂਰਾ ਕਰਦੇ ਹਨ | ਕੁਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਹੋਰਨਾਂ ਸੂਬਿਆਂ 'ਚ ਜਾਣ ਵਾਲੇ ਕਿਸਾਨਾਂ ਨੂੰ ਪੁਲਿਸ ਵਲੋਂ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਨਾਕਿਆਂ ਉਪਰ ਕਿਸਾਨਾਂ ਦੇ ਵਾਹਨਾਂ ਦੇ ਕਾਗਜ਼ਾਤ ਆਦਿ ਚੈੱਕ ਕਰਨ ਦੇ ਨਾਂਅ 'ਤੇ ਉਨ੍ਹਾਂ ਤੋਂ ਪੈਸੇ ਬਟੋਰੇ ਜਾਂਦੇ ਹਨ |
ਫੋਟੋ :- ਕੇ.ਕੇ.ਪੀ.-ਗੁਰਿੰਦਰ-7-4ਡੀ