
ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ 30 ਮਾਰਚ ਨੂੰ ਹੋਵੇਗਾ : ਐਡਵੋਕੇਟ ਧਾਮੀ
ਯੂਕਰੇਨ ਤੋਂ ਪਰਤਣ ਵਾਲੇ ਪੰਜਾਬੀ ਪਾੜਿ੍ਹਆਂ ਨੂੰ ਦਿੱਲੀ ਤੋਂ ਪੰਜਾਬ ਲਿਆਵੇਗੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ, 8 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ 30 ਮਾਰਚ ਨੂੰ ਤੇਜਾ ਸਿੰਘ ਸਮੁੰਦਰੀ ਹਾਲ ’ਚ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਅੰਤਿ੍ਰਗ ਕਮੇਟੀ ਦੀ ਬੈਠਕ ਉਪਰੰਤ ਉਨ੍ਹਾਂ ਦਸਿਆ ਕਿ ਇਜਲਾਸ ਦੌਰਾਨ ਵਿੱਤੀ ਵਰ੍ਹੇ ਸਾਲ 2022-23 ਦਾ ਬਜਟ ਪਾਸ ਕਰ ਕੇ ਭਵਿੱਖ ਦੇ ਕਾਰਜਾਂ ਦੀਆਂ ਤਰਜੀਹਾਂ ਨਿਰਧਾਰਤ ਹੋਣਗੀਆਂ।
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਚਾਲੂ ਕਰਨ ਦੇ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸਿੰਧੀਆ ਨੂੰ ਵਫ਼ਦ ਮਿਲੇਗਾ। ਕੈਨੇਡਾ ਤੇ ਅਮਰੀਕਾ ਦੇ ਸਿੱਖ ਆਗੂਆਂ ਵਲੋਂ ਸ਼੍ਰੋਮਣੀ ਕਮੇਟੀ ਨਾਲ ਰਾਬਤਾ ਕੀਤਾ ਹੈ। ਵਿਦੇਸ਼ਾਂ ਵਿਚ 50 ਲੱਖ ਸਿੱਖ ਵਸਦੇ ਹਨ, ਜਿਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਪ੍ਰੇਸ਼ਾਨੀ ਹੈ। ਅਮਰੀਕਾ, ਕੈਨੇਡਾ, ਯੂਰਪੀ ਦੇਸ਼, ਆਸਟ੍ਰੇਲੀਆ, ਯੂਕੇ ਆਦਿ ਦੇਸ਼ਾਂ ਲਈ ਸਿੱਧੀਆਂ ਉਡਾਣਾਂ ਚਾਲੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਲਈ 15 ਲੱਖ ਰੁਪਏ ਸਾਲਾਨਾ ਸਹਾਇਤਾ ਦੇਣ ਦਾ ਵੀ ਫ਼ੈਸਲਾ ਕੀਤਾ ਹੈ। ਭਗਤ ਪੂਰਨ ਸਿੰਘ ਨੇ ਮਨੁੱਖਤਾ ਦੀ ਭਲਾਈ ਲਈ ਮਿਸਾਲ ਕਾਇਮ ਕੀਤੀ ਹੈ ਅਤੇ ਉਨ੍ਹਾਂ ਦੀ ਸੋਚ ਨੂੰ ਲੈ ਕੇ ਪਿੰਗਲਵਾੜਾ ਸੁਸਾਇਟੀ ਅੱਗੇ ਵੱਧ ਰਹੀ ਹੈ। ਯੂਕਰੇਨ ਤੋਂ ਵਾਪਸ ਮੁੜਦੇ ਪੰਜਾਬੀ ਪਾੜਿ੍ਹਆਂ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਮੁਫ਼ਤ ਸੇਵਾਵਾਂ ਦਿਤੀਆਂ ਜਾਣਗੀਆਂ। ਇਸ ਸਬੰਧ ਵਿਚ ਇੰਡੋ ਕੈਨੇਡੀਅਨ ਬੱਸ ਸਰਵਿਸ ਨਾਲ ਸਮਝੌਤਾ ਕੀਤਾ ਹੈ। ਅੰਤਿ੍ਰੰਗ ਕਮੇਟੀ ਨੇ ਆਈ.ਟੀ.ਵਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਆਂ ਸੋਧਾਂ ਅਤੇ ਸੇਧਾਂ ਨੂੰ ਪ੍ਰਵਾਨਗੀ ਦਿਤੀ ਹੈ। ਅਜੋਕੇ ਦੌਰ ਵਿਚ ਸਿੱਖ ਮਸਲੇ ਜਾਣ-ਬੁਝ ਕੇ ਉਲਝਾਏ ਜਾ ਰਹੇ ਹਨ। ਭਰੋਸੇਯੋਗ ਸਿੱਖ ਖ਼ਬਰਾਂ ਦੇ ਬੁਲਟਿਨ ਤਿਆਰ ਕੀਤੇ ਜਾਣਗੇ। ਅੰਤਿ੍ਰੰਗ ਕਮੇਟੀ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ 300 ਪਾਵਨ ਸਰੂਪ ਭੇਜਣ ਦਾ ਵੀ ਫ਼ੈਸਲਾ ਕੀਤਾ। ਐਡਵੋਕੇਟ ਧਾਮੀ ਨੇ ਸਿੱਖ ਬੰਦੀਆਂ ਦੀ ਰਿਹਾਈ ਜਲਦ ਕਰਨ ਦੀ ਵੀ ਮੰਗ ਕੀਤੀ। ਕਈਆਂ ਨੂੰ ਪੈਰੋਲ ਵੀ ਨਹੀਂ ਦਿਤੀ ਗਈ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਨਾ ਕਰਨ ਦੇ ਫ਼ੈਸਲੇ ਵਿਰੁਧ ਭਾਰਤ ਦੇ ਗ੍ਰਹਿ ਮੰਤਰੀ ਨੂੰ ਵਫ਼ਦ ਮਿਲੇਗਾ। ਇਸ ਮੌਕੇ ਰਘੂਜੀਤ ਸਿੰਘ ਵਿਰਕ, ਪਿ੍ਰੰਸੀਪਲ ਸੁਰਿੰਦਰ ਸਿੰਘ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਅੰਤਿ੍ਰੰਗ ਕਮੇਟੀ ਮੈਂਬਰ ਸ. ਸਰਵਣ ਸਿੰਘ ਕੁਲਾਰ, ਸ. ਹਰਜਾਪ ਸਿੰਘ ਸੁਲਤਾਨਵਿੰਡ ਆਦਿ ਹਾਜ਼ਰ ਸਨ।