
ਜਦੋਂ ਮੁੱਖ ਮੰਤਰੀ ਚੰਨੀ ਨੇ ਰਸਤੇ ’ਚ ਆਜੜੀ ਨੂੰ ਰੋਕ ਕੇ ਬਕਰੀ ਦਾ ਦੁੱਧ ਚੋਇਆ...
ਚੰਡੀਗੜ੍ਹ, 8 ਮਾਰਚ (ਭੁੱਲਰ): ਚੋਣ ਨਤੀਜਿਆਂ ਤੋਂ 2 ਦਿਨ ਪਹਿਲਾਂ ਇਕ ਵਾਰ ਮੁੜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਪਣੇ 111 ਦਿਨ ਵਾਲੇ ਕਾਰਜਕਾਲ ਸਮੇਂ ਵਿਲੱਖਣ ਅੰਦਾਜ਼ ਵਿਚ ਦਿਸੇ।
ਉਨ੍ਹਾਂ ਅੱਜ ਭਦੌੜ ਦੌਰੇ ’ਤੇ ਜਾਣ ਸਮੇਂ ਰਸਤੇ ਵਿਚ ਇਕ ਬਕਰੀਆਂ ਚਾਰ ਰਹੇ ਆਜੜੀ ਨੂੰ ਰੋਕ ਕੇ ਬਕਰੀ ਦਾ ਦੁੱਧ ਚੋਇਆ। ਇਸ ਦੀ ਵੀਡੀਉ ਵੀ ਮੁੱਖ ਮੰਤਰੀ ਵਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਹੈ, ਜੋ ਕਾਫ਼ੀ ਚਰਚਾ ਵਿਚ ਹੈ।
ਮੁੁੱਖ ਮੰਤਰੀ ਚੰਨੀ ਭਦੌੜ ਹਲਕੇ ਵਿਚ ਤਪਾ ਵਲ ਜਾਣ ਸਮੇਂ ਸੰਧੂਆਂ ਪਿੰਡ ਨੇੜਲੀ ਨਹਿਰ ਦੇ ਰਸਤੇ ਜਾ ਰਹੇ ਸਨ ਕਿ ਆਜੜੀ ਨੂੰ ਦੇਖ ਕੇ ਉਸ ਨੂੰ ਰੋਕ ਲਿਆ ਅਤੇ ਕਿਹਾ ‘ਲਿਆ ਯਾਰ ਬੋਤਲ ਮੈਂ ਧਾਰ ਕੱਢ ਕੇ ਦਿਖਾਵਾਂ।’ ਕਿਸੇ ਵਲੋਂ ਵਿਚ ਟੋਕੇ ਜਾਣ ’ਤੇ ਉਨ੍ਹਾਂ ਅਪਣੇ ਅੰਦਾਜ਼ ਵਿਚ ਕਿਹਾ, ‘‘ਮੈਂ ਬਹੁਤ ਧਾਰਾਂ ਕੱਢੀਆਂ ਹਨ। ਮੈਂ ਦੋਵੇਂ ਹੱਥਾਂ ਨਾਲ ਵੀ ਧਾਰਾਂ ਕੱਢ ਲੈਂਦਾ ਹੈ ਅਤੇ ਦੁੱਧ ਚੋਣ ਦਾ ਪੂਰਾ ਐਕਸਪਰਟ ਹਾਂ।’’ ਇਸ ਦੇ ਬਾਅਦ ਉਨ੍ਹਾਂ ਬੋਤਲ ਲੈ ਕੇ ਬਕਰੀ ਦੇ ਦੁੱਧ ਦੀ ਧਾਰ ਕਢਦਿਆਂ ਬੋਤਲ ਭਰੀ। ਇਸ ਨੂੰ ਦੇਖ ਕੇ ਸੱਭ ਹੈਰਾਨ ਰਹਿ ਗਏ। ਮੁੱਖ ਮੰਤਰੀ ਨੇ ਆਜੜੀ ਨਾਲ ਗੱਲਬਾਤ ਵੀ ਕੀਤੀ ਅਤੇ ਉਸ ਨੂੰ ਅਪਣੇ ਕੋਲੋਂ 4000 ਰੁਪਏ ਸਹਾਇਤਾ ਵੀ ਦਿਤੀ। ਇਹ ਵੀਡੀਉ ਸੋਸ਼ਲ ਮੀਡੀਆ ਵਿਚ ਖ਼ੂਬ ਚਲ
ਰਹੀ ਹੈ।