
07 ਕਿੱਲੋ 508 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਬਰਾਮਦ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪੁਲਿਸ ਥਾਣਾ ਘਰਿੰਡਾ ਦੀ ਪੁਲਿਸ ਨੇ 07 ਕਿਲੋ 508 ਗ੍ਰਾਮ ਹੈਰੋਇਨ ਦੀ ਖੇਪ ਸਮੇਤ ਨਸ਼ਾ ਤਸਕਰੀ ਦੇ ਨੈਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ 6 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਪ੍ਰੈਸ ਕਾਨਫ਼ਰੰਸ ਕਰਦਿਆਂ ਐਸਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿਲਬਾਗ ਸਿੰਘ ਉਰਫ ਜੱਜ, ਅਰਸ਼ਦੀਪ ਸਿੰਘ ਉਰਫ ਅਰਸ਼ ਅਤੇ ਸੈਮੁਅਲ ਮਸੀਹ ਉਰਫ ਸੈਮ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਜੋ ਹੁਣ ਵੀ ਇਹ ਤਿੰਨੇ ਮੋਦੇ ਧਨੋਏ ਵਾਲੇ ਪਾਸੇ ਤੋਂ ਵੱਡੀ ਮਾਤਰਾ ਵਿੱਚ ਹੈਰੋਇਨ ਸਪਲਾਈ ਕਰਨ ਲਈ ਅਟਾਰੀ ਵਾਲੇ ਪਾਸੇ ਆ ਰਹੇ ਹਨ।
ਤੁਰੰਤ ਕਾਰਵਾਈ ਕਰਦਿਆਂ ਘਰਿੰਡਾ ਪੁਲਿਸ ਸਟੇਸ਼ਨ ਦੇ ਮੁੱਖ ਅਫ਼ਸਰ ਨੇ ਆਪਣੀ ਪੁਲਿਸ ਪਾਰਟੀ ਨੂੰ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਹਰਦੋ ਰਤਨ ਧਨੋਏ ਵਾਲੇ ਪਾਸੇ ਨਾਕੇ ਦੌਰਾਨ ਧੁੱਸੀ, ਦਿਲਬਾਗ ਸਿੰਘ ਉਰਫ਼ ਜੱਜ, ਅਰਸ਼ਦੀਪ ਸਿੰਘ ਉਰਫ਼ ਅਰਸ਼ ਅਤੇ ਸੈਮੂਅਲ ਮਸੀਹ ਉਰਫ਼ ਸੈਮ ਨੂੰ 5 ਕਿਲੋ ਹੈਰੋਇਨ, 10,000 ਰੁਪਏ ਡਰੱਗ ਮਨੀ, ਤਿੰਨ ਮੋਬਾਈਲ ਫੋਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸੇ ਲੜੀ ਤਹਿਤ ਇੱਕ ਹੋਰ ਮਾਮਲੇ ਵਿੱਚ, ਲੋਪੋਕੇ ਪੁਲਿਸ ਸਟੇਸ਼ਨ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੋਗਾ ਸਿੰਘ, ਪੰਜਾਬ ਸਿੰਘ ਅਤੇ ਸ਼ਰਨਜੀਤ ਕੌਰ ਮਿਲ ਕੇ ਡਰੋਨ ਰਾਹੀਂ ਪਾਕਿਸਤਾਨ ਤੋਂ ਵੱਡੇ ਪੱਧਰ 'ਤੇ ਹੈਰੋਇਨ ਮੰਗਵਾ ਕੇ ਵੇਚਣ ਦਾ ਕਾਰੋਬਾਰ ਕਰਦੇ ਹਨ। ਹੁਣ ਉਨ੍ਹਾਂ ਨੇ ਗੁਰਦੁਆਰਾ ਬਾਬਾ ਪੱਲਾ ਸ਼ਹੀਦ ਦੇ ਪਿਛਲੇ ਖੇਤਾਂ ਵਿੱਚ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾਈ ਹੈ ਅਤੇ ਹੈਰੋਇਨ ਦੀ ਖੇਪ ਆਪਣੇ ਮੋਟਰਸਾਈਕਲ 'ਤੇ ਲੈ ਕੇ ਪਿੰਡ ਬੱਚੀਵਿੰਡ ਜਾਂਦੀ ਸੜਕ ਤੋਂ ਜੋਗਾ ਸਿੰਘ ਦੇ ਘਰ ਜਾਣਗੇ।
ਤੁਰੰਤ ਕਾਰਵਾਈ ਕਰਦਿਆਂ, ਲੋਪੋਕੇ ਥਾਣੇ ਦੇ ਮੁੱਖ ਅਫ਼ਸਰ ਨੇ ਆਪਣੀ ਪੁਲਿਸ ਪਾਰਟੀ ਦੀ ਮਦਦ ਨਾਲ ਜੋਗਾ ਸਿੰਘ, ਪੰਜਾਬ ਸਿੰਘ ਅਤੇ ਸ਼ਰਨਜੀਤ ਕੌਰ ਨੂੰ ਪਿੰਡ ਗਾਗਰ ਮੱਲ ਤੋਂ ਪਿੰਡ ਬੱਚੀਵਿੰਡ ਨੂੰ ਜਾਣ ਵਾਲੀ ਸੜਕ ਤੋਂ 2 ਕਿਲੋ 508 ਗ੍ਰਾਮ ਹੈਰੋਇਨ, 40,500 ਰੁਪਏ ਡਰੱਗ ਮਨੀ ਅਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।