
ਗੁਰੂਘਰ ਅੰਦਰ ਬਣੇ ਆਸ਼ਰਮ ਵਿਚ 40 ਤੋਂ ਵਧ ਰਹਿੰਦੇ ਨੇ ਨੇਤਰਹੀਣ
ਸਾਡੇ ਸਮਾਜ ਵਿਚ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹਨ ਜੋ ਗ਼ਰੀਬ, ਬੇਸਹਾਰਾ ਲੋਕਾਂ ਦੀ ਮਦਦ ਕਰਦੀਆਂ ਹਨ। ਅਜਿਹੇ ਬਹੁਤ ਸਾਰੇ ਲੋਕ ਵੀ ਹਨ ਜੋ ਗ਼ਰੀਬ ਲੋਕਾਂ ਦੇ ਘਰ ਬਣਾਉਂਦੇ ਹਨ ਤੇ ਗ਼ਰੀਬ ਲੜਕੀਆਂ ਦੇ ਵਿਆਹ ਵੀ ਕਰਵਾਉਂਦੇ ਹਨ। ਇਸੇ ਤਰ੍ਹਾਂ ਲੁਧਿਆਣਾ ਵਿਚ ਇਕ ਗੁਰਦੁਆਰਾ ਸਾਹਿਬ ਹੈ ਜੋ ਨੇਤਰਹੀਣਾਂ ਵਲੋਂ ਚਲਾਇਆ ਜਾ ਰਿਹਾ ਹੈ, ਜੋ 1964 ਤੋਂ ਲੁਧਿਆਣਾ ਵਿਚ ਬਣਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਵਿਚ ਇਕ ਆਸ਼ਰਮ ਵੀ ਹੈ ਜਿਸ ਵਿਚ 40 ਤੋਂ 45 ਨੇਤਰਹੀਣ ਬੱਚੇ, ਨੌਜਵਾਨ ਤੇ ਬਜ਼ੁਰਗ ਰਹਿੰਦੇ ਹੈ ਤੇ ਉਹ ਹੀ ਗੁਰਦੁਆਰਾ ਸਾਹਿਬ ਦੇ ਸੇਵਾ ਸੰਭਾਲ ਵੀ ਕਰਦੇ ਹਨ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਇਕ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸੰਸਥਾ 8 ਜੁਲਾਈ 1964 ਵਿਚ ਗਿਆਨੀ ਲਕਸ਼ਮਣ ਸਿੰਘ ਗੰਧਰਵ ਜੀ ਨੇ ਸ਼ੁਰੂ ਕੀਤੀ ਸੀ, ਜੋ ਖ਼ੁਦ ਵੀ ਨੇਤਰਹੀਣ ਸਨ ਤੇ ਪਿੰਡ ਮਹਿਮੂਦਪੂਰਾ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਇਕ ਸੁਪਨਾ ਲਿਆ ਸੀ ਕਿ ਜਿਵੇਂ ਨੇਤਰਹੀਣ ਹੋਣ ਕਰ ਕੇ ਮੈਂ ਤੰਗੀਆਂ ਕੱਟੀਆਂ ਹਨ ਉਹ ਹੋਰ ਨੇਤਰਹੀਣ ਲੋਕ ਤੰਗੀਆਂ ਨਾ ਕੱਟਣ।
ਉਨ੍ਹਾਂ ਨੇ ਸੋਚਿਆ ਸੀ ਕਿ ਜੇ ਕਰ ਕੋਈ ਵਿਅਕਤੀ ਕਿਸੇ ਘਟਨਾ ਦਾ ਸ਼ਿਕਾਰ ਹੋ ਕੇ ਆਪਣੀਆਂ ਅੱਖ ਗੁਆ ਬੈਠਦਾ ਹੈ ਤਾਂ ਅਜਿਹੇ ਲੋਕਾਂ ਲਈ ਇਕ ਅਜਿਹੀ ਆਸ਼ੀਆਨਾ ਬਣਾਇਆ ਜਾਵੇ ਜਿਥੇ ਰਹਿ ਕੇ ਉਹ ਲੋਕ ਆਪਣੀ ਵਿਦਿਆ ਪ੍ਰਾਪਤ ਕਰ ਸਕਣ ਜਾਂ ਫਿਰ ਕੋਈ ਹੁਨਰ ਸਿੱਖ ਕੇ ਆਪਣੇ ਪੈਰਾਂ ’ਤੇ ਖੜਾ ਹੋ ਸਕੇ। ਜਿਸ ਕਰ ਕੇ ਗਿਆਨੀ ਲਕਸ਼ਮਣ ਸਿੰਘ ਨੇ ਇਹ ਸੰਸਥਾ ਖੋਲ੍ਹੀ ਤੇ ਇਥੇ ਰਹਿ ਕੇ ਨੇਤਰਹੀਣ ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਲੱਗੇ ਤੇ ਕੀਰਤਨ ਸਿਖਾਉਣਾ ਸ਼ੁਰੂ ਕੀਤਾ।
photo
ਗਿਆਨੀ ਜੀ ਨੇ ਇਥੇ ਨੇਤਰਹੀਣਾਂ ਨੂੰ ਕੁਰਸੀਆਂ, ਮੰਜੇ ਬੁਣਨੇ ਤੇ ਮੋਮਬੱਤੀਆਂ ਬਣਾਉਣੀਆਂ ਸਿਖਾਈਆਂ ਤਾਂ ਜੋ ਉਹ ਲੋਕ ਆਪਣੇ ਹੱਥੀਂ ਕੰਮ ਕਰ ਕੇ ਅਪਣਾ ਢਿੱਡ ਭਰ ਸਕਣ। ਉਨ੍ਹਾਂ ਦੇ ਇਸੇ ਉਪਰਾਲੇ ਸਦਕਾ ਅੱਜ ਹਜ਼ਾਰ ਨੇਤਰਹੀਣ ਲੋਕ ਇਥੋਂ ਸਿਖਲਾਈ ਲੈ ਕੇ ਦੇਸ਼ਾਂ ਵਿਦੇਸ਼ਾਂ ਵਿਚ ਕੌਮ ਦੀ ਸੇਵਾ ਕਰ ਰਹੇ ਹਨ, ਜੋ ਵੱਡੇ-ਵੱਡੇ ਕੀਰਤਨੀਏ ਹਨ।
ਇਸੇ ਦੌਰਾਨ ਜਮਾਲਪੁਰ ਤੇ ਹੈਬੋਵਾਲ ਵਿਚ ਨੇਤਰਹੀਣਾਂ ਲਈ 12ਵੀਂ ਤਕ ਦੇ ਸਕੂਲ ਵੀ ਖੋਲ੍ਹੇ ਗਏ ਤੇ ਬਾਅਦ ਵਿਚ ਇਕ ਹੋਸਟਲ ਵੀ ਬਣਾਇਆ ਗਿਆ। ਇਸ ਸੰਸਥਾ ਵਿਚੋਂ ਨਿਕਲੇ ਹੋਏ ਕਈ ਬੱਚੇ ਸਰਕਾਰੀ ਨੌਕਰੀ ਵੀ ਕਰ ਰਹੇ ਹਨ। ਗਿਆਨੀ ਜੀ ਨੇ ਜਦੋਂ ਇਹ ਸੰਸਥਾ ਸ਼ੁਰੂ ਕੀਤੀ ਸੀ ਉਦੋਂ 4 ਤੋਂ 5 ਨੇਤਰਹੀਣ ਬੱਚੇ ਇਥੇ ਰਹਿੰਦੇ ਸਨ ਤੇ ਅੱਜ ਸਾਡੇ ਕੋਲ 40 ਤੋਂ 45 ਨੇਤਰਹੀਣ ਬੱਚੇ, ਨੌਜਵਾਨ ਤੇ ਬਜ਼ੁਰਗ ਰਹਿ ਰਹੇ ਹਨ।
photo
ਸਾਡੀ ਸੰਸਥਾ ਪੂਰੇ ਭਾਰਤ ਵਿਚ ਕੰਮ ਕਰ ਰਹੀ ਹਨ ਤੇ ਸਾਡੀ ਸੰਸਥਾ ਨਾਲ 800 ਨੇਤਰਹੀਣ ਸੇਵਾਦਾਰ ਜੁੜੇ ਹੋਏ ਹਨ ਜੋ ਸਾਰਾ ਕੰਮ ਸੰਭਾਲ ਰਹੇ ਹਨ। ਇਕਬਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਨੇਤਰਹੀਣ ਹਨ ਜੋ ਇਕ ਅਧਿਆਪਕ ਹਨ ਤੇ ਸਾਡੀ ਸੰਸਥਾ ਦੇ ਪ੍ਰਧਾਨ ਵੀ ਹਨ ਉਹ ਇਥੇ ਬੱਚਿਆਂ ਨੂੰ ਵਿਦਿਆ ਦੇ ਨਾਲ-ਨਾਲ ਸੰਗੀਤ ਦੀ ਸਿਖਿਆ ਵੀ ਦਿੰਦੇ ਹਨ।
ਸੰਸਥਾ ਦੇ ਸੇਵਾਦਾਰ ਨੇ ਕਿਹਾ ਕਿ ਜੋ ਧਾਰਮਕ ਸੰਸਥਾਵਾਂ ਇਨ੍ਹਾਂ ਗ਼ਰੀਬ ਲੋਕਾਂ ਲਈ ਬਹੁਤ ਕੁੱਝ ਕਰਦੀਆਂ ਹਨ, ਉਹ ਇਨ੍ਹਾਂ ਨੇਤਰਹੀਣਾਂ ਦੀ ਬਾਹ ਫੜ੍ਹਨ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਤੋਂ ਇਲਾਵਾ ਕਿਸੇ ਨੇ ਇਨ੍ਹਾਂ ਨੇਤਰਹੀਣਾਂ ਦੀ ਬਾਹ ਨਹੀਂ ਫੜੀ, ਉਹ ਸਮੇਂ ਸਮੇਂ ’ਤੇ ਇਨ੍ਹਾਂ ਦੀ ਮਦਦ ਕਰਦੇ ਆਏ ਹਨ ਤੇ ਹੋਰ ਕਿਸੇ ਧਾਰਮਕ ਸੰਸਥਾ ਜਾਂ ਕਿਸੇ ਹੋਰ ਸਮਾਜਸੇਵੀ ਸੰਸਥਾ ਨੇ ਇਨ੍ਹਾਂ ਨੂੰ ਗਲੇ ਨਹੀਂ ਲਗਾਇਆ।
ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵਿਚ ਉਹ ਲੋਕ ਆਉਂਦੇ ਹਨ ਇਨ੍ਹਾਂ ਨੇਤਰਹੀਣ ਲੋਕਾਂ ਲਈ ਰੋਟੀ ਦਾ ਪ੍ਰਬੰਧ ਕਰਦੇ ਹਨ, ਜਿਵੇਂ ਕੋਈ ਆਟਾ, ਦਾਲ, ਚੌਲ ਆਦਿ ਦੇ ਜਾਂਦੇ ਸਨ ਤੇ ਇੰਦਾਂ ਵੀ ਨਹੀਂ ਕਿ ਲੋਕ ਲੱਖਾਂ ਵਿਚ ਮਦਦ ਕਰਦੇ ਹਨ, ਬਸ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਜੋ ਸੰਸਥਾ ਵਧੀਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਨੇਤਰਹੀਣ ਬੱਚਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਆਪਣੇ ਕਪੜੇ ਆਪ ਧੋਣੇ, ਰੋਟੀ ਪਕਾਉਣੀ ਜਾਂ ਫਿਰ ਆਪ ਦਾ ਕੋਈ ਵੀ ਕੰਮ ਆਪ ਕਰਨਾ ਸਿੱਖੋ।
ਅਸੀਂ ਇਥੇ ਕੋਈ ਸੇਵਾਦਾਰ ਨਹੀਂ ਰੱਖਿਆ ਹੋਇਆ ਇਹ ਸਾਰੇ ਆਪਸ ਵਿਚ ਮਿਲ ਕੇ ਸਾਰੇ ਕੰਮ ਕਰਦੇ ਹਨ। ਇਕ ਨੇਤਰਹੀਣ ਕਰਨਵੀਰ ਸਿੰਘ ਨੇ ਕਿਹਾ ਕਿ ਮੈਂ ਇਕ 3 ਸਾਲ ਤੋਂ ਰਹਿ ਰਿਹਾ ਹਾਂ। ਜਮਾਲਪੁਰ ਦੇ ਸਕੂਲ ਵਿਚ ਮੈਂ 10ਵੀਂ ਕੀਤੀ ਤੇ ਉਥੋਂ ਹੀ ਕੀਰਤਨ ਦਾ ਸਫ਼ਰ ਸ਼ੁਰੂ ਹੋ ਗਿਆ ਸੀ। ਸੱਤ ਮਹੀਨੇ ਦੀ ਉਮਰ ਵਿਚ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ।
ਮੇਰੇ ਮਾਪਿਆਂ ਨੇ ਮੇਰਾ ਬਹੁਤ ਇਲਾਜ ਕਰਵਾਇਆ ਪਰ ਡਾਕਟਰਾਂ ਨੇ ਕਿਹਾ ਕਿ ਅੱਖਾਂ ਦੀ ਰੋਸ਼ਨੀ ਪਿਛੋਂ ਚਲੀ ਗਈ ਹੈ ਹੁਣ ਕੁਝ ਨਹੀਂ ਹੋ ਸਕਦਾ। ਇਕ ਹੋਰ ਨੇਤਰਹੀਣ ਨੌਜਵਾਨ ਗੁਰਕਮਲ ਸਿੰਘ ਨੇ ਕਿਹਾ ਕਿ ਮੈਂ 10ਵੀਂ ਕਲਾਸ ਦੇ ਪੇਪਰ ਦਿਤੇ ਸਨ ਜਿਸ ਤੋਂ ਬਾਅਦ ਮੇਰਾ ਐਕਸੀਡੈਂਟ ਹੋ ਗਿਆ ਤੇ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ ਜਿਸ ਤੋਂ ਬਾਅਦ ਹੁਣ ਮੈਂ ਇਥੇ ਰਹਿ ਕੇ ਅਪਣੀ ਪੜ੍ਹਾਈ ਕਰ ਰਿਹਾਂ ਹਾਂ।