
ਵਿਧਾਇਕ ਅੰਗਦ ਸਿੰਘ ਨੇ ਅੱਜ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਕੋਵਿਡ-19 ਆਈਸੋਲੇਸ਼ਨ ਵਾਰਡ 'ਚੋਂ ਸਿਹਤਯਾਬ ਹੋ ਕੇ ਬਾਹਰ ਆਏ ਬਾਬਾ ਗੁਰਬਚਨ ਸਿੰਘ
ਨਵਾਂਸ਼ਹਿਰ ਅਮਰੀਕ ਸਿੰਘ ਢੀਂਡਸਾ): ਵਿਧਾਇਕ ਅੰਗਦ ਸਿੰਘ ਨੇ ਅੱਜ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਕੋਵਿਡ-19 ਆਈਸੋਲੇਸ਼ਨ ਵਾਰਡ 'ਚੋਂ ਸਿਹਤਯਾਬ ਹੋ ਕੇ ਬਾਹਰ ਆਏ ਬਾਬਾ ਗੁਰਬਚਨ ਸਿੰਘ ਪਠਲਾਵਾ, ਬਾਬਾ ਦਲਜਿੰਦਰ ਸਿੰਘ ਲਧਾਣਾ ਝਿੱਕਾ ਅਤੇ ਸਵ. ਬਲਦੇਵ ਸਿੰਘ ਪਠਲਾਵਾ ਦੇ ਪੁੱਤਰ ਫ਼ਤਿਹ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਮਹਾਂਮਾਰੀ ਦਾ ਦਲੇਰੀ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਟਾਕਰਾ ਕਰਨ ਲਈ ਵਧਾਈ ਦਿਤੀ। ਇਸ ਮੌਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿਤੀ ਜਾਵੇਗੀ ਅਤੇ ਖਾਣ ਪੀਣ ਦੇ ਨਾਲ-ਨਾਲ ਉਨ੍ਹਾਂ ਦੀ ਹਰ ਇਕ ਜ਼ਰੂਰਤ ਦਾ ਖਿਆਲ ਰਖਿਆ ਜਾਵੇਗਾ।
ਕੈਪਸ਼ਨ:-ਵਿਧਾਇਕ ਅੰਗਦ ਸਿੰਘ ਬਾਬਾ ਗੁਰਬਚਨ ਸਿੰਘ ਤੇ ਹੋਰ ਸਿਹਤਯਾਬ ਹੋਏ ਵਿਅਕਤੀਆਂ ਨਾਲ ਮੁਲਾਕਾਤ ਕਰਦੇ ਹੋਏ।
ਉਨ੍ਹਾਂ ਕੋਵਿਡ-19 ਆਈਸੋਲੇਸ਼ਨ ਵਾਰਡ 'ਚ ਦਾਖਲ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਡਾਕਟਰੀ ਟੀਮ, ਸਟਾਫ਼ ਨਰਸਾਂ, ਸੇਵਾਦਾਰ ਅਤੇ ਸਫ਼ਾਈ ਆਦਿ ਦਾ ਖਿਆਲ ਰੱਖਣ ਵਾਲੇ ਕਰਮਚਾਰੀਆਂ ਨੂੰ ਕੋਰੋਨਾ ਵਿਰੁਧ ਯੁੱਧ ਦੇ ਅਸਲ ਨਾਇਕ ਕਰਾਰ ਦਿੰਦਿਆਂ ਉਨ੍ਹਾਂ ਵਲੋਂ ਮਾਨਵਤਾ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ। ਇਸ ਮੌਕੇ ਬਾਬਾ ਗੁਰਬਚਨ ਸਿੰਘ ਪਠਲਾਵਾ ਨੇ ਵਿਧਾਇਕ ਅੰਗਦ ਸਿੰਘ ਨਾਲ ਗੱਲਬਾਤ ਦੌਰਾਨ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ 'ਚ ਮਿਲੀਆਂ ਸਹੂਲਤਾਂ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਇਸ ਮੌਕੇ ਵਿਧਾਇਕ ਅੰਗਦ ਸਿੰਘ ਨੇ ਕੋਰੋਨਾ ਪੀੜਤ ਮ੍ਰਿਤਕ ਬਲਦੇਵ ਸਿੰਘ ਪਠਲਾਵਾ ਦੇ ਪੁੱਤਰ ਫ਼ਤਿਹ ਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ। ਉਨ੍ਹਾਂ ਸਿਹਤਯਾਬ ਹੋਏ ਬਾਬਾ ਦਲਜਿੰਦਰ ਸਿੰਘ ਲਧਾਣਾ ਝਿੱਕਾ ਦਾ ਵੀ ਹਾਲਚਾਲ ਪੁਛਿਆ। ਅੰਗਦ ਸਿੰਘ ਨੇ ਮੌਕੇ 'ਤੇ ਮੌਜੂਦ ਮੈਡੀਕਲ ਸਟਾਫ਼ ਐਸ.ਐਮ.ਓ. ਡਾ. ਹਰਵਿੰਦਰ ਸਿੰਘ, ਡਾ. ਗੁਰਪਾਲ ਕਟਾਰੀਆ, ਮਾਈਕ੍ਰੋ ਬਾਇਓਲੋਜਿਸਟ ਰੁਪਿੰਦਰ ਸਿੰਘ, ਨਰਸਿੰਗ ਸਿਸਟਰ ਰਾਜ ਰਾਣੀ, ਗੁਰਪ੍ਰੀਤ ਕੌਰ ਸਟਾਫ਼ ਨਰਸ, ਪੂਨਮ ਬਾਲਾ ਸਟਾਫ਼ ਨਰਸ ਤੇ ਸਫ਼ਾਈ ਕਰਮਚਾਰੀ ਬਾਦਲ ਅਤੇ ਮੌਕੇ 'ਤੇ ਤਾਇਨਾਤ ਪੁਲਿਸ ਗਾਰਦ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਐਮ ਐਲ ਏ ਅੰਗਦ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਲਈ ਖੁਸ਼ੀ ਦੀ ਗੱਲ ਹੈ ਕਿ ਆਈਸੋਲੇਸ਼ਨ ਵਾਰਡ 'ਚ ਦਾਖਲ 18 ਮਰੀਜ਼ਾਂ 'ਚੋਂ 8 ਨੇ ਕੋਰੋਨਾ ਤੋਂ ਮੁਕਤੀ ਪਾ ਲਈ ਹੈ।