
ਸਿੱਖਾਂ ਕੋਲ ਹਰ ਔਕੜ ਵੇਲੇ ਸ਼ਰਨ ਲੈਣ ਲਈ ਗੁਰਦਵਾਰੇ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ, ਇਹ ਸਾਡਾ ਇਤਿਹਾਸ ਤੇ ਸਾਡੀ ਰਵਾਇਤ ਹੈ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ, 7 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਅੱਜ ਸਪੋਕਸਮੈਨ ਟੀ.ਵੀ. 'ਤੇ ਬੀਬੀ ਨਿਮਰਤ ਕੌਰ ਨਾਲ 25 ਮਿੰਟ ਲੰਮੀ ਵਾਰਤਾਲਾਪ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ ਕਿ ਦਿੱਲੀ ਵਿਚ ਪੰਜਾਬ ਦੇ ਨਿਆਸਰੇ ਸਿੱਖਾਂ ਨੂੰ ਆਸਰਾ ਦੇਣ ਬਦਲੇ ਦਿੱਲੀ ਸਰਕਾਰ ਜੇ ਗੁਰਦਵਾਰਾ ਪ੍ਰਬੰਧਕਾਂ ਵਿਰੁਧ ਐਫ਼.ਆਈ.ਆਰ. ਦਰਜ ਕਰ ਦਿਤੀ ਹੈ।
Gurdwara Majnu Ka Tilla
ਉਨ੍ਹਾਂ ਕਿਹਾ ਕਿ ਹਰ ਔਖੀ ਘੜੀ ਵਿਚ ਸਿੱਖਾਂ ਕੋਲ ਗੁਰਦਵਾਰੇ ਦੀ ਸ਼ਰਨ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਰਹਿ ਜਾਂਦਾ। ਹੋਰ ਕਿਥੇ ਜਾਣ ਉਹ? ਇਹ ਸਾਡਾ ਇਤਿਹਾਸ ਹੈ ਤੇ ਸਾਡੀ ਰਵਾਇਤ ਹੈ।
Captain Amrinder Singh
ਕੈਪਟਨ ਸਾਹਿਬ ਨੂੰ ਪੁਛਿਆ ਗਿਆ ਸੀ ਕਿ ਗੁਰਦਵਾਰਾ ਮਜਨੂੰ ਕਾ ਟਿੱਲਾ ਵਿਚ ਪੰਜਾਬ ਦੇ ਪ੍ਰਵਾਸੀਆਂ ਨੂੰ ਇਸ ਲਈ ਸ਼ਰਨ ਦਿਤੀ ਗਈ ਸੀ ਕਿਉਂਕਿ ਬਸਾਂ ਗੱਡੀਆਂ ਦਾ ਚਲਣਾ ਅਚਾਨਕ ਰੋਕ ਦਿਤਾ ਗਿਆ ਸੀ ਤੇ ਉਨ੍ਹਾਂ ਕੋਲ ਹੋਰ ਕਿਤੇ ਜਾਣ ਦਾ ਪ੍ਰਬੰਧ ਨਹੀਂ ਸੀ। ਗੁਰਦਵਾਰਾ ਪ੍ਰਬੰਧਕਾਂ ਨੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਸ਼ਰਨ ਦਿਤੀ ਤਾਂ ਦਿੱਲੀ ਸਰਕਾਰ ਨੇ ਗੁਰਦਵਾਰਾ ਪ੍ਰਬੰਧਕਾਂ ਉਤੇ ਇਹ ਕਹਿ ਕੇ ਹੀ ਐਫ਼.ਆਈ.ਆਰ. ਦਰਜ ਕਰਵਾ ਦਿਤੀ ਕਿ ਪ੍ਰਬੰਧਕਾਂ ਨੇ ਗੁਰਦਵਾਰੇ ਵਿਚ ਇਕੱਠ ਕੀਤਾ ਜਦਕਿ ਇਹ ਇਕੱਠ ਨਹੀਂ ਸੀ, ਮਜਬੂਰ ਲੋਕਾਂ ਨੂੰ ਆਸਰਾ ਦੇਣਾ ਸੀ। ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਨਾਜਾਇਜ਼ ਗੱਲ ਕੀਤੀ ਗਈ ਹੈ ਤੇ ਐਫ਼.ਆਈ.ਆਰ. ਤੁਰਤ ਰੱਦ ਹੋਣੀ ਚਾਹੀਦੀ ਹੈ।
ਹਜੂਰ ਸਾਹਿਬ ਵਿਚ ਫਸੇ ਸਿੱਖਾਂ ਬਾਰੇ ਪੁਛਿਆ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਥੇ ਸਾਰੀ ਗੱਲਬਾਤ ਹੋ ਗਈ ਹੈ ਤੇ ਉਥੋਂ ਦੀ ਸਰਕਾਰ ਨੇ ਸਾਡੀ ਗੱਲ ਮੰਨ ਲਈ ਹੈ ਕਿ ਜਦ ਦਾ ਪ੍ਰਬੰਧ ਹੋ ਜਾਵੇ, ਅਸੀਂ ਉਨ੍ਹਾਂ ਨੂੰ ਪੰਜਾਬ ਲੈ ਆਵਾਂਗੇ। ਬਸ ਹੁਣ ਕੇਂਦਰ ਦੀ ਪ੍ਰਵਾਨਗੀ ਮਿਲਣੀ ਬਾਕੀ ਰਹਿ ਗਈ ਹੈ। ਕੇਂਦਰ ਦੀ ਪ੍ਰਵਾਨਗੀ ਮਿਲਦਿਆਂ ਹੀ ਲੋੜ ਪੈਣ 'ਤੇ ਅਸੀਂ ਭਾਵੇਂ ਵਿਸ਼ੇਸ਼ ਹਵਾਈ ਜਹਾਜ਼ ਦਾ ਪ੍ਰਬੰਧ ਕਰੀਏ, ਭਾਵੇਂ ਸਾਨੂੰ ਵਿਸ਼ੇਸ਼ ਰੇਲਗੱਡੀ ਦੇ ਦਿਤੀ ਜਾਵੇ, ਅਸੀਂ ਉਨ੍ਹਾਂ ਯਾਤਰੀਆਂ ਨੂੰ ਲੈ ਆਵਾਂਗੇ। ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ।
ਨਿਜ਼ਾਮੂਦੀਨ ਵਿਚ ਮੁਸਲਮਾਨਾਂ ਦੇ ਇਕ ਜਥੇ ਵਲੋਂ ਕੀਤੇ ਗਏ ਇਕੱਠ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗ਼ਲਤੀ ਦਿੱਲੀ ਸਰਕਾਰ ਦੀ ਹੈ ਜਿਸ ਨੇ ਇਹ ਇਕੱਠ ਹੋਣ ਦਿਤਾ।ਉੁਨ੍ਹਾਂ ਸਹਿਮਤੀ ਪ੍ਰਗਟ ਕੀਤੀ ਕਿ ਦਿੱਲੀ ਸਰਕਾਰ ਦੀ ਗ਼ਲਤੀ ਨੂੰ ਲੈ ਕੇ ਇਸ ਘੱਟਗਿਣਤੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦਾ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਬਿਲਕੁਲ ਗ਼ਲਤ ਹੈ।