
ਆਗਰਾ ਤੇ ਮੁਜ਼ੱਫ਼ਰਨਗਰ ਤੋਂ ਆਏ ਸਨ ਮੌਲਵੀ ਤੇ ਕੁੱਝ ਹੋਰ ਮੁਸਲਿਮ ਕਾਰੀਗਰ
ਕੋਟਕਪੂਰਾ (ਗੁਰਿੰਦਰ ਸਿੰਘ) : ਆਗਰਾ ਅਤੇ ਮੁਜ਼ੱਫ਼ਰਨਗਰ ਤੋਂ ਆਏ 4 ਮੌਲਵੀਆਂ ਸਮੇਤ 7 ਲੋਕਾਂ ਨੂੰ ਸਿਹਤ ਵਿਭਾਗ ਨੇ ਫ਼ਰੀਦਕੋਟ ਈਦਗਾਹ 'ਚ ਹੀ ਇਕਾਂਤਵਾਸ ਕਰ ਦਿਤਾ ਹੈ। ਉਕਤ ਮੌਲਵੀਆਂ ਦੇ ਸੰਪਰਕ 'ਚ ਰਹਿਣ ਵਾਲੇ ਤਿੰਨ ਹੋਰ ਮੁਸਲਿਮ ਪਰਵਾਰਾਂ ਨੂੰ ਵੀ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ।
ਇਸ ਦੀ ਪੁਸ਼ਟੀ ਕਰਦਿਆਂ ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਫ਼ਰੀਦਕੋਟ ਨੇ ਦਸਿਆ ਕਿ ਸਿਹਤ ਵਿਭਾਗ ਵਲੋਂ ਉਕਤ ਕਾਰਵਾਈ ਮਹਿਜ਼ ਅਹਿਤਿਹਾਤ ਵਜੋਂ ਕੀਤੀ ਗਈ ਹੈ।
ਪਿਛਲੇ ਮਹੀਨੇ 8 ਮਾਰਚ ਨੂੰ ਆਗਰਾ ਵਿਖੇ ਜਮਾਤ ਨਾਲ ਸਬੰਧਤ ਉਕਤ 4 ਮੌਲਵੀ ਫ਼ਰੀਦਕੋਟ ਆਏ ਸਨ। ਉਨ੍ਹਾਂ ਦੇ ਈਦਗਾਹ 'ਚ ਰਹਿਣ ਦੀ ਸੂਚਨਾ ਨੇ ਸੁਰੱਖਿਆ ਏਜੰਸੀਆਂ ਦੇ ਕੰਨ ਖੜੇ ਕਰ ਦਿਤੇ। ਭਾਵੇਂ ਸਿਹਤ ਵਿਭਾਗ ਦੀ ਇਕ ਟੀਮ ਵਲੋਂ ਬੀਤੇ ਦਿਨੀਂ ਉਕਤ ਈਦਗਾਹ ਦਾ ਮੁਆਇਨਾ ਕੀਤਾ ਗਿਆ ਸੀ ਪਰ ਉਕਤ ਮੌਲਵੀਆਂ ਦੇ ਈਦਗਾਹ 'ਚ ਹੋਣ ਦੀ ਗੱਲ ਸਾਹਮਣੇ ਨਾ ਆਈ, ਜਦੋਂ ਡਾ ਰਜਿੰਦਰ ਕੁਮਾਰ ਰਾਜੂ ਸਿਵਲ ਸਰਜਨ ਨੇ ਅਪਣੀ ਟੀਮ ਨਾਲ ਈਦਗਾਹ ਦਾ ਦੌਰਾ ਕੀਤਾ ਤਾਂ ਆਗਰਾ ਦੇ ਉਕਤ ਚਾਰ ਮੌਲਵੀਆਂ, ਮਸਜਿਦ 'ਚ ਮੀਨਾਰ ਬਣਾਉਣ ਲਈ ਮੁਜ਼ੱਫ਼ਰਨਗਰ ਤੋਂ ਆਏ ਦੋ ਕਾਰੀਗਰਾਂ ਅਤੇ ਇਥੋਂ ਦੇ ਇਕ ਹੋਰ ਵਸਨੀਕ ਨੂੰ ਇਕਾਂਤਵਾਸ ਕਰ ਦਿਤਾ।
ਉਕਤ ਮੌਲਵੀਆਂ ਦੇ ਸੰਪਰਕ 'ਚ ਰਹਿਣ ਵਾਲੇ ਤਿੰਨ ਹੋਰ ਮੁਸਲਿਮ ਪਰਵਾਰਾਂ ਨੂੰ ਵੀ ਸਿਹਤ ਵਿਭਾਗ ਨੇ ਅਹਿਤਿਹਾਤ ਦੇ ਤੌਰ 'ਤੇ ਇਕਾਂਤਵਾਸ 'ਚ ਭੇਜ ਦਿੱਤਾ।
ਸਥਾਨਕ ਸ਼ਹਿਰ ਦੇ ਵੱਖ ਵੱਖ ਗਲੀ-ਮੁਹੱਲਿਆਂ 'ਚ ਰਹਿਣ ਵਾਲੇ ਕਿਰਾਏਦਾਰਾਂ ਜਾਂ ਹੋਰ ਮੁਸਲਿਮ ਪਰਵਾਰਾਂ ਤਕ ਪਹੁੰਚ ਕਰ ਕੇ ਪ੍ਰਸ਼ਾਸਨ ਨੇ ਉਨ੍ਹਾਂ ਤੋਂ ਨਿਜਾਮੂਦੀਨ ਵਿਖੇ ਜਾਣ ਜਾਂ ਨਾ ਜਾਣ ਬਾਰੇ ਪੁਛਗਿਛ ਕੀਤੀ।
ਮੇਜਰ ਅਮਿਤ ਸਰੀਨ ਐਸ.ਡੀ.ਐਮ. ਅਤੇ ਬਲਕਾਰ ਸਿੰਘ ਸੰਧੂ ਡੀ.ਐਸ.ਪੀ. ਕੋਟਕਪੂਰਾ ਨੇ ਸਬ ਡਿਵੀਜਨ ਕੋਟਕਪੂਰਾ ਅਧੀਨ ਆਉਂਦੇ ਪਿੰਡਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਆਂਢ-ਗੁਆਂਢ ਕੋਈ ਵਿਅਕਤੀ ਪਿਛਲੇ 20 ਦਿਨਾਂ ਦਰਮਿਆਨ ਵਿਦੇਸ਼ 'ਚੋਂ ਪਰਤਿਆ ਹੈ, ਕਿਸੇ ਵੀ ਧਾਰਮਕ ਸਥਾਨ ਦਾ ਦੌਰਾ ਕਰਕੇ ਆਇਆ ਹੈ ਜਾਂ ਦਿੱਲੀ ਤੇ ਗੁਆਂਢੀ ਰਾਜਾਂ ਤੋਂ ਪਰਤਣ ਵਾਲੇ ਹਰ ਵਿਅਕਤੀ ਦੀ ਜਾਣਕਾਰੀ ਤੁਰਤ ਪ੍ਰਸ਼ਾਸਨ ਨੂੰ ਦਿਤੀ ਜਾਵੇ ਕਿਉਂਕਿ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਪੀੜਤ ਵਿਅਕਤੀ ਅਪਣੇ ਪਰਵਾਰ ਸਮੇਤ ਸਮੁੱਚੇ ਸਮਾਜ ਲਈ ਖਤਰਨਾਕ ਸਿੱਧ ਹੋ ਸਕਦਾ ਹੈ। ਉਂਝ ਉਨ੍ਹਾਂ ਆਖਿਆ ਕਿ ਅਜਿਹੇ ਵਿਅਕਤੀ ਨੂੰ ਖ਼ੁਦ ਵੀ ਨੈਤਿਕਤਾ ਤੌਰ 'ਤੇ ਅਪਣੇ ਚੈੱਕਅਪ ਲਈ ਸਿਹਤ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ।