
ਕਰੋਨਾ ਵਾਇਰਸ ਦੇ ਬਚਾਅ ਵਜੋਂ ਸਰਕਾਰ ਵੱਲੋਂ ਤਿੰਨ ਹਫ਼ਤਿਆਂ ਦੇ ਲਗਾਏ ਕਰਫਿਊ ਦੌਰਾਨ ਬਲਾਕ ਅੰਦਰ ਪੈਂਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੇ ਪਿੰਡ ਵਾਸੀਆਂ
ਭਵਾਨੀਗੜ੍ਹ (ਗੁਰਦਰਸ਼ਨ ਸਿੰਘ ਸਿੱਧੂ/ਗੁਰਪ੍ਰੀਤ ਸਿੰਘ ਸਕਰੌਦੀ) : ਕਰੋਨਾ ਵਾਇਰਸ ਦੇ ਬਚਾਅ ਵਜੋਂ ਸਰਕਾਰ ਵੱਲੋਂ ਤਿੰਨ ਹਫ਼ਤਿਆਂ ਦੇ ਲਗਾਏ ਕਰਫਿਊ ਦੌਰਾਨ ਬਲਾਕ ਅੰਦਰ ਪੈਂਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੇ ਪਿੰਡ ਵਾਸੀਆਂ ਅਤੇ ਨੌਜਵਾਨ ਕਲੱਬਾਂ ਦੇ ਸਹਿਯੋਗ ਨਾਲ ਆਪਣੇ ਆਪਣੇ ਪਿੰਡ ਨੂੰ ਸ਼ੀਲ ਕਰਕੇ ਪਿੰਡਾਂ ਵਿੱਚ ਬਾਹਰਲੇ ਵਿਅਕਤੀਆਂ ਦੇ ਦਾਖਲੇ ਤੇ ਮੁਕੰਮਲ ਰੋਕ ਲਗਾ ਦਿਤੀ ਹੈ।
ਜਾਣਕਾਰੀ ਅਨੁਸਾਰ ਬਲਾਕ ਦੇ ਸਭ ਤੋਂ ਵੱਡੇ ਪਿੰਡ ਘਰਾਚੋਂ ਤੋਂ ਲੈਕੇ ਤਕਰੀਬਨ ਹਰ ਛੋਟੇ ਵੱਡੇ ਪਿੰਡ ਵਿੱਚ ਦਾਖਲਾ ਰੋਕਣ ਲਈ ਪਹਿਰੇ ਲਗਾ ਦਿਤੇ ਗਏ ਹਨ। ਪਿੰਡਾਂ ਨੂੰ ਜਾਣ ਵਾਲੀ ਹਰ ਸੜਕ ਨੂੰ ਸ਼ੀਲ ਕਰ ਦਿੱਤਾ ਗਿਆ ਹੈ। ਪਹਿਰਾ ਦੇਣ ਵਾਲੇ ਵਿਅਕਤੀ ਪਿੰਡ ਵਿੱਚ ਦਾਖਲ ਹੋਣ ਵਾਲੇ ਵਿਅਕਤੀਆਂ ਦੀ ਪੜਤਾਲ ਕਰਨ ਉਪਰੰਤ ਸਿਰਫ ਰਾਸ਼ਨ ਵੰਡਣ ਵਾਲੇ ਸਰਕਾਰੀ ਜਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅੰਦਰ ਦਾਖਲ ਹੋਣ ਦੀ ਆਗਿਆ ਦਿੰਦੇ ਹਨ।
File photo
ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਭਗਵੰਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਚਾਇਤਾਂ ਦਾ ਇਹ ਫੈਸਲਾ ਪਿੰਡ ਵਾਸੀਆਂ ਅਤੇ ਇਲਾਕੇ ਦੀ ਭਲਾਈ ਲਈ ਕੀਤਾ ਗਿਆ ਹੈ, ਇਸ ਲਈ ਸਭ ਨੂੰ ਇਸ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਪਿੰਡ ਕਾਕੜਾ ਦੀ ਸਰਪੰਚ ਮਨਜਿੰਦਰ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਹਰ ਸੜਕ ਤੇ ਨਾਕੇ ਲਗਾ ਦਿੱਤੇ ਗਏ ਹਨ ਅਤੇ ਬੇਨਤੀ ਕੀਤੀ ਕਿ ਕੋਈ ਵੀ ਵੀਰ ਇਸ ਦੀ ਉਲੰਘਣਾ ਨਾ ਕਰੇ।
ਬਾਲਦ ਕਲਾਂ ਦੇ ਸਰਪੰਚ ਗੁਰਦੇਵ ਸਿੰਘ ਅਤੇ ਬਾਲਦ ਖੁਰਦ ਦੇ ਸਰਪੰਚ ਜੱਜ ਬਾਲਦੀਆ ਨੇ ਵੀ ਦੋਵਾਂ ਪਿੰਡਾਂ ਵਿੱਚ ਨਾਕੇਬੰਦੀ ਕਾਇਮ ਕਰਨ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਪਣੇ ਪਿੰਡ ਅੰਦਰ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਵੱਡੀ ਦਿੱਕਤ ਨਹੀਂ ਆਉਣ ਦੇਣਗੇ। ਇਸੇ ਤਰ੍ਹਾਂ ਸ਼ਾਹਪੁਰ, ਕਾਲਾਝਾੜ, ਝਨੇੜੀ, ਕਪਿਆਲ, ਬਲਿਆਲ, ਭੱਟੀਵਾਲ ਕਲਾਂ, ਰਾਜਪੁਰਾ, ਨਦਾਮਪੁਰ, ਫੱਗੂਵਾਲਾ, ਬਖੋਪੀਰ ਅਤੇ ਮਾਝੀ ਸਮੇਤ ਹੋਰ ਪਿੰਡਾਂ ਅੰਦਰ ਵੀ ਮੁਕੰਮਲ ਨਾਕੇਬੰਦੀ ਹੋ ਚੁੱਕੀ ਹੈ। ਪਿੰਡਾਂ ਅੰਦਰ ਪ੍ਰਸਾਸ਼ਨ ਵੱਲੋਂ ਵੰਡੇ ਜਾ ਰਹੇ ਰਾਸ਼ਨ ਦੇ ਨਾਲ ਹੀ ਪੰਚਾਇਤਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੰਗਰ ਅਤੇ ਹੋਰ ਸਮੱਗਰੀ ਇਕੱਠੀ ਕਰਕੇ ਵੰਡੀ ਜਾ ਰਹੀ ਹੈ।
ਭਵਾਨੀਗੜ੍ਹ ਦੇ ਪਿੰਡ ਰਾਜਪੁਰਾ ਵਿਖੇ ਨਾਕਾਬੰਦੀ ਕਰਕੇ ਪਹਿਰਾ ਦੇ ਰਹੇ ਨੌਜਵਾਨ।