
ਫ਼ੁਟਬਾਲਰ ਮਾਰਾਡੋਨਾ ਦੀ ਜਰਸੀ ਦੀ ਹੋਵੇਗੀ ਨੀਲਾਮੀ
ਲੰਡਨ, 7 ਅਪ੍ਰੈਲ : 1986 ਵਿਸ਼ਵ ਕੱਪ ਵਿਚ ਇੰਗਲੈਂਡ ਦੇ ਕੁਆਰਟਰ ਫ਼ਾਈਨਲ ਮੈਚ ਵਿਚ ਵਿਸ਼ਵ ਦੇ ਸਰਵੋਤਮ ਫ਼ੁਟਬਾਲਰਾਂ ਵਿਚੋਂ ਇਕ ਡਿਏਗੋ ਮਾਰਾਡੋਨਾ ਵਲੋਂ ਪਹਿਨੀ ਗਈ ਜਰਸੀ ਪਹਿਲੀ ਵਾਰ ਨੀਲਾਮ ਹੋਵੇਗੀ। ਇਸ ਦੇ ਲਈ ਨਿਲਾਮੀ ਕਰਨ ਵਾਲਿਆਂ ਨੂੰ ਲਗਭਗ 40 ਲੱਖ ਪੌਂਡ (ਲਗਭਗ 52 ਲੱਖ ਡਾਲਰ ਜਾਂ ਲਗਭਗ 40 ਕਰੋੜ ਰੁਪਏ) ਦੀ ਬੋਲੀ ਲੱਗਣ ਦੀ ਉਮੀਦ ਹੈ। ਇਹ ਮੈਚ ਵਿਵਾਦਪੂਰਨ ‘ਹੈਂਡ ਆਫ਼ ਗੌਡ’ ਗੋਲ ਲਈ ਜਾਣਿਆ ਜਾਂਦਾ ਹੈ। ਇਸ ਮੈਚ ’ਚ ਮਾਰਾਡੋਨਾ ਨੇ ਹੈਡਰ ਨਾਲ ਗੋਲ ਕਰਨਾ ਚਾਹਿਆ ਪਰ ਕਥਿਤ ਤੌਰ ’ਤੇ ਗੇਂਦ ਉਨ੍ਹਾਂ ਦੇ ਹੱਥ ਨਾਲ ਲੱਗ ਕੇ ਗੋਲ ਪੋਸਟ ’ਚ ਚਲੀ ਗਈ ਅਤੇ ਮੈਚ ਰੈਫ਼ਰੀ ਇਸ ਨੂੰ ਦੇਖਣ ’ਚ ਅਸਫ਼ਲ ਰਹੇ।
ਹਾਲਾਂਕਿ ਇਸ ਮੈਚ ’ਚ ਅਪਣੀ ਪ੍ਰਸਿੱਧੀ ਦੇ ਚਲਦਿਆਂ ਉਨ੍ਹਾਂ ਨੇ ਅਪਣੀ ਸ਼ਾਨਦਾਰ ਡਰਾਇਬਲਿੰਗ ਨਾਲ ਇੰਗਲੈਂਡ ਦੀ ਲਗਭਗ ਪੂਰੀ ਟੀਮ ਨੂੰ ਹਰਾ ਦਿਤਾ ਅਤੇ ਟੀਮ ਨੂੰ ਯਾਦਗਾਰ ਜਿੱਤ ਦਿਵਾਈ। ਨਿਲਾਮੀਕਰਤਾ ਸੋਥਬਾਯ ਨੇ ਕਿਹਾ ਕਿ 20 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਆਨਲਾਈਨ ਨਿਲਾਮੀ ਵਿਚ ਜਰਸੀ ਨੂੰ 40 ਲੱਖ ਪੌਂਡ ਤੋਂ ਵੱਧ ਦੀ ਰਾਸ਼ੀ ਮਿਲ ਸਕਦੀ ਹੈ। (ਏਜੰਸੀ)