
ਜਲੰਧਰ 'ਚ ਬੇਖ਼ੌਫ਼ ਲੁਟੇਰੇ, ਬੈਂਕ 'ਚ ਜਾ ਰਹੇ ਪਤੀ-ਪਤਨੀ ਤੋਂ ਲੁੱਟੀ ਲੱਖਾਂ ਦੀ ਨਕਦੀ
ਜਲੰਧਰ,7 ਅਪ੍ਰੈਲ (ਸਿੱਧੂ): ਮਹਾਨਗਰ ਜਲੰਧਰ 'ਚ ਲੁੱਟਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ | ਜਲੰਧਰ ਦੇ ਵਿਕਾਸਪੁਰੀ 'ਚ ਲੁਟੇਰਿਆਂ ਨੇ ਕਰੀਬ 5 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਵਿਕਾਸਪੁਰੀ ਇਲਾਕੇ 'ਚ ਪਤੀ-ਪਤਨੀ ਕੈਸ਼ ਲੈ ਕੇ ਬੈਂਕ ਤੋਂ ਲੈ ਕੇ ਘਰ ਵਾਪਸ ਜਾ ਰਹੇ ਸਨ ਕਿ ਲੁਟੇਰਿਆਂ ਨੇ ਪਤੀ-ਪਤਨੀ ਨੂੰ ਨਿਸ਼ਾਨਾ ਬਣਾ ਲਿਆ | ਜਾਣਕਾਰੀ ਮੁਤਾਬਕ ਲੁਟੇਰਿਆਂ ਵੱਲੋਂ 5 ਲੱਖ ਦੀ ਨਕਦੀ ਲੁੱਟੀ ਗਈ ਹੈ | ਉਨ੍ਹਾਂ ਦੇ ਪਿੱਛੇ ਇਕ ਮੋਟਰਸਾਈਕਲ 'ਤੇ 2 ਲੁਟੇਰੇ ਆਏ ਅਤੇ ਉਨ੍ਹਾਂ ਦਾ ਬੈਗ ਲੈ ਕੇ ਫਰਾਰ ਹੋ ਗਏ | ਲੁੱਟਖੋਹ ਦੀ ਵਾਰਦਾਤ ਦੌਰਾਨ ਦੋਵੇਂ ਪਤੀ-ਪਤਨੀ ਵਿਰੋਧ ਕਰਦੇ ਹੋਏ ਮੋਟਰਸਾਈਕਲ ਤੋਂ ਹੇਠਾਂ ਡਿੱਗਣ ਕਾਰਨ ਜ਼ਖ਼ਮੀ ਹੋ ਗਏ | ਇਸ ਦੌਰਾਨ ਉਨ੍ਹਾਂ ਵੱਲੋਂ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਹੱਥ ਨਹੀਂ ਆ ਸਕੇ | ਇਸ ਘਟਨਾ ਦੀ ਸੂਚਨਾ ਥਾਣਾ ਨੰਬਰ-8 ਦੇ ਐੱਸ. ਐੱਚ. ਓ. ਮੁਕੇਸ਼ ਨੂੰ ਦਿੱਤੀ ਗਈ, ਜੋਕਿ ਪੁਲਸ ਦੇ ਨਾਲ ਮੌਕੇ 'ਤੇ ਪਹੁੰਚੇ | ਪੁਲਸ ਵੱਲੋਂ ਇਸ ਸਬੰਧੀ ਜਾਂਚ ਜਾਰੀ ਹੈ |
ਨਿਊ ਵਿਕਾਸਪੁਰੀ ਵਾਸੀ ਸੁਰੇਸ਼ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਿਦੇਸ਼ ਰਹਿੰਦੇ ਬੇਟੇ ਦੇ ਕੋਲ ਜਾਣਾ ਸੀ, ਜਿਸ ਕਾਰਨ ਬੈਂਕ 'ਚੋਂ ਪੈਸੇ ਕੱਢ ਕੇ ਐਕਟਿਵਾ 'ਤੇ ਸਵਾਰ ਹੋ ਕੇ ਘਰ ਜਾ ਰਹੇ ਸਨ | ਜਿਵੇਂ ਹੀ ਉਹ ਪ੍ਰੀਤ ਨਗਰ ਨਗਰ ਰੋਡ 'ਤੇ ਪਹੁੰਚੇ ਤਾਂ ਪਲਸਰ ਸਵਾਰ ਦੋ ਲੁਟੇਰਿਆਂ ਨੇ ਉਨ੍ਹਾਂ ਦੀ ਐਕਟਿਵਾ ਅੱਗੇ ਬਾਈਕ ਲਗਾ ਦਿੱਤਾ ਅਤੇ ਪਿੱਛੇ ਪੈਸਿਆਂ ਵਾਲਾ ਬੈਗ ਫੜ ਕੇ ਬੈਠੀ ਸੁਰੇਸ਼ ਦੀ ਪਤਨੀ ਸ਼ੋਭਾ ਕੋਲੋਂ ਬੈਗ ਖੋਹ ਲਿਆ |
ਸੁਰੇਸ਼ ਨੇ ਦੱਸਿਆ ਕਿ ਉਨ੍ਹਾਂ ਨੇ ਲੁਟੇਰਿਆਂ ਦੇ ਬਾਈਕ 'ਚ ਆਪਣੀ ਐਕਟਿਵਾ ਵੀ ਮਾਰੀ ਪਰ ਲੁਟੇਰੇ ਭੱਜਣ 'ਚ ਕਾਮਯਾਬ ਰਹੇ | ਸੁਰੇਸ਼ ਸੋਢਲ ਰੋਡ 'ਤੇ ਬਿਜਲੀ ਦੀ ਦੁਕਾਨ ਚਲਾਉਂਦੇ ਹਨ |