
ਇਮਰਾਨ ਖ਼ਾਨ ਨੂੰ ਝਟਕਾ, ਅਦਾਲਤ ਨੇ ਬੇਭਰੋਸਗੀ ਦੇ ਮਤੇ ’ਤੇ ਵੋਟਿੰਗ
ਇਸਲਾਮਾਬਾਦ, 7 ਅਪ੍ਰੈਲ : ਪਾਕਿਸਤਾਨ ’ਚ ਚੱਲ ਰਹੀ ਸਿਆਸੀ ਉਥਲ-ਪੁਥਲ ’ਤੇ ਸੁਪਰੀਮ ਕੋਰਟ ਨੇ ਸੰਸਦ ਨੂੰ ਭੰਗ ਕਰਨ ’ਤੇ ਸੁਣਵਾਈ ਪੂਰੀ ਕਰ ਲਈ। ਅਦਾਲਤ ਨੇ ਅਪਣੇ ਫ਼ੈਸਲੇ ’ਚ ਇਮਰਾਨ ਖ਼ਾਨ ਤੇ ਜੁੰਡਲੀ ਨੂੰ ਹੁਕਮ ਦਿਤਾ ਹੈ ਕਿ ਬੇਭਰਸਗੀ ਦੇ ਮਤੇ ’ਤੇ ਵੋਟਿੰਗ ਕਰਵਾਈ ਜਾਵੇ ਤੇ ਅਦਾਲਤ ਨੇ ਅਸੈਂਬਲੀ ਭੰਗ ਕਰਨ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਤਾ ਹੈ। ਅਦਾਲਤ ਨੇ ਕਿਹਾ ਕਿ 9 ਅਪ੍ਰੈਲ ਨੂੰ ਮਤੇ ’ਤੇ ਵੋਟਿੰਗ ਕਰਵਾਈ ਜਾਵੇ। ਇਸ ਤੋਂ ਪਹਿਲਾਂ ਅਦਾਲਤ ’ਚ ਸੁਣਵਾਈ ਦੌਰਾਨ ਇਮਰਾਨ ਖ਼ਾਨ ਨੂੰ ਵੱਡਾ ਝਟਕਾ ਲਗਿਆ ਹੈ। ਜੀਓ ਨਿਊਜ਼ ਮੁਤਾਬਕ ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੇ ਸੁਣਵਾਈ ਦੌਰਾਨ ਕਿਹਾ ਕਿ ਨੈਸ਼ਨਲ ਅਸੈਂਬਲੀ ’ਚ ਅਪ੍ਰੈਲ ’ਚ ਡਿਪਟੀ ਸਪੀਕਰ ਵਲੋਂ ਦਿਤਾ ਗਿਆ ਫ਼ੈਸਲਾ ਸੰਵਿਧਾਨ ਦੀ ਧਾਰਾ 95 ਦੀ ਉਲੰਘਣਾ ਕਰਦਾ ਪ੍ਰਤੀਤ ਹੁੰਦਾ ਹੈ। ਬੈਂਚ ਵਿਚ ਸ਼ਾਮਲ ਇਕ ਹੋਰ ਜਸਟਿਸ ਜਮਾਲ ਖਾਨ ਮੰਡੋਖੇਲ ਨੇ ਕਿਹਾ ਕਿ ਡਿਪਟੀ ਸਪੀਕਰ ਵਲੋਂ 3 ਅਪ੍ਰੈਲ ਨੂੰ ਦਿਤੇ ਹੁਕਮਾਂ ’ਤੇ ਸਪੀਕਰ ਅਸਦ ਕੈਸਰ ਦੇ ਦਸਤਖ਼ਤ ਸਨ ਨਾ ਕਿ ਕਾਸਿਮ ਸੂਰੀ ਦੇ। ਵਿਰੋਧੀ ਧਿਰ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਹਾਲਾਂਕਿ ਵਿਰੋਧੀ ਧਿਰ ਚਾਹੁੰਦੀ ਹੈ ਕਿ ਸੁਪਰੀਮ ਕੋਰਟ ਜਲਦੀ ਤੋਂ ਜਲਦੀ ਅਪਣਾ ਫ਼ੈਸਲਾ ਸੁਣਾਵੇ। ਇਸ ਦੌਰਾਨ ਸੁਪਰੀਮ ਕੋਰਟ ਵਿਚ ਇਮਰਾਨ ਖ਼ਾਨ ਦੇ ਵਕੀਲ ਨੇ ਕਿਹਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਨੈਸ਼ਨਲ ਅਸੈਂਬਲੀ ਦਾ ਅੰਦਰੂਨੀ ਮਾਮਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਿਪਟੀ ਸਪੀਕਰ ਵਲੋਂ 3 ਅਪ੍ਰੈਲ ਨੂੰ ਲਿਆ ਗਿਆ ਫ਼ੈਸਲਾ ਪੂਰੀ ਤਰ੍ਹਾਂ ਸਹੀ ਅਤੇ ਸੰਵਿਧਾਨਕ ਹੈ। (ਏਜੰਸੀ)