
ਪੰਜਾਬ ਦੇ ਲੋਕਾਂ ਦੇ ਪੈਸੇ ਠੰਡੀਆਂ ਹਵਾਵਾਂ ਦਾ ਆਨੰਦ ਲੈਣ ਲਈ ਨਹੀਂ ਹਨ
ਇਕ ਮਹੀਨਾ ਪਹਿਲਾਂ ਰੇਤ ਦੀ ਇਕ ਟਰਾਲੀ ਦੀ ਕੀਮਤ 4000 ਸੀ ਤੇ ਹੁਣ 9000 ਦੀ ਵਿਕ ਰਹੀ ਹੈ - ਨਵਜੋਤ ਸਿੱਧੂ
ਚੰਡੀਗੜ੍ਹ- ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹਾਲ ਹੀ ਵਿਚ ਨਵੀਂ ਮਾਈਨਿੰਗ ਨੀਤੀ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੇ ਛੇ ਮਹੀਨਿਆਂ ਦੇ ਅੰਦਰ ਨਵੀਂ ਨੀਤੀ ਜਾਰੀ ਕਰਨ ਲਈ ਕਿਹਾ ਹੈ। ਇਸ ਦੌਰਾਨ ਨਵਜੋਤ ਸਿੱਧੂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਦੋਸ਼ ਲਾਇਆ ਕਿ ਇਕ ਮਹੀਨਾ ਪਹਿਲਾਂ ਰੇਤ ਦੀ ਇਕ ਟਰਾਲੀ ਜਿਸ ਦੀ ਕੀਮਤ 4,000 ਰੁਪਏ ਸੀ, ਹੁਣ 9,000 ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਰੇਤਾ-ਬੱਜਰੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਦੀ ਉਸਾਰੀ ਦਾ ਕੰਮ ਠੱਪ ਹੋ ਗਿਆ ਹੈ।
ਨਵਜੋਤ ਸਿੱਧੂ ਨੇ ਅੱਜ ਟਵਿੱਟਰ 'ਤੇ 'ਗੈਰ-ਕਾਨੂੰਨੀ ਮਾਈਨਿੰਗ' ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ, 'ਗੈਰ-ਕਾਨੂੰਨੀ ਮਾਈਨਿੰਗ ਬੇਰੋਕ ਜਾਰੀ ਹੈ। ਸਰਕਾਰ ਕੀ ਕਰ ਰਹੀ ਹੈ? ਅਰਵਿੰਦ ਕੇਜਰੀਵਾਲ ਜੀ ਰੇਤ ਦੇ 20 ਹਜ਼ਾਰ ਕਰੋੜ ਕਿੱਥੇ ਹਨ? ਨਵਜੋਤ ਸਿੱਧੂ ਨੇ ਪੇਸਬੁੱਕ ਪੇਜ਼ 'ਤੇ ਵੀ ਪੋਸਟ ਸ਼ੇਅਰ ਕੀਤੀ ਹੈ ਤੇ ਕਿਹਾ ਹੈ ਕਿ ''ਜ਼ਮੀਨੀ ਹਕੀਕਤ... ਇੱਕ ਮਹੀਨੇ ਅੰਦਰ ਰੇਤੇ ਦੀ ਕੀਮਤ ਦੁੱਗਣੀ ਹੋ ਗਈ ਹੈ...ਇਸਦਾ ਮੂਲ ਕਾਰਨ ਠੇਕੇਦਾਰੀ ਸਿਸਟਮ ਹੈ... ਤੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਨਾ, ਰੇਤੇ ਉੱਪਰ ਸਰਕਾਰ ਦਾ ਨਿਯੰਤਰਣ, ਇੱਕ ਮੁੱਲ ਨਿਰਧਾਰਿਤ ਕਰਨਾ, ਆਨਲਾਈਨ ਬੁਕਿੰਗ ਤੇ ਟ੍ਰੈਕਿੰਗ ਅਤੇ ਰੇਤੇ ਦੀ ਨਿਯਮਤ ਪੂਰਤੀ ਇਸਦਾ ਇੱਕੋ-ਇੱਕ ਹੱਲ ਹੈ।''
ਸਿੱਧੂ ਨੇ ਪੰਜਾਬ ਦੀ 'ਆਪ' ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਕ ਮਹੀਨਾ ਪਹਿਲਾਂ ਤੱਕ ਜੋ ਰੇਤਾ ਮਹਿਜ਼ 1600 ਰੁਪਏ ਪ੍ਰਤੀ ਮਹੀਨਾ ਸੀ, ਉਹ ਅੱਜ 3200 ਰੁਪਏ ਹੋ ਗਿਆ ਹੈ, ਜਿਸ ਕਾਰਨ ਬਿਨ੍ਹਾਂ ਯੋਜਨਾ ਦੇ ਕੰਮ ਕੀਤਾ ਜਾ ਰਿਹਾ ਹੈ। ਸਮੁੰਦਰੀ ਰੇਤ ਦਾ ਰੇਟ ਇਕ ਮਹੀਨੇ ਵਿਚ ਦੁੱਗਣਾ ਹੋ ਗਿਆ ਹੈ, ਜਿਸ ਕਾਰਨ ਇਸ ਦੀ ਵਿਕਰੀ ਵਿਚ ਕਮੀ ਆਈ ਹੈ। ਹਰ ਪਾਸੇ ਉਸਾਰੀ ਰੁਕ ਗਈ। ਕਿਉਂਕਿ ਇਹ ਸਾਰਾ ਸਿਸਟਮ ਠੇਕੇਦਾਰੀ ਹੈ। ਜਦੋਂ ਸਪਲਾਈ ਠੇਕੇ ਵਾਲੇ ਖੇਤਰ ਤੋਂ ਬਾਹਰ ਨਹੀਂ ਆਵੇਗੀ, ਤਾਂ ਮੰਗ ਪੂਰੀ ਨਹੀਂ ਹੋਵੇਗੀ ਅਤੇ ਕੀਮਤਾਂ ਵਧਣਗੀਆਂ।
Navjot Sidhu
ਪਹਿਲਾਂ ਇੱਥੇ ਨਾਜਾਇਜ਼ ਮਾਈਨਿੰਗ ਹੁੰਦੀ ਸੀ, ਜੋ ਹੁਣ ਬੰਦ ਹੋ ਗਈ ਹੈ। ਇਸ ਲਈ, ਜਦੋਂ ਤੱਕ ਸਪਲਾਈ ਅਤੇ ਦਰਾਂ ਤੈਅ ਨਹੀਂ ਹੁੰਦੀਆਂ, ਕੀਮਤਾਂ ਹੇਠਾਂ ਨਹੀਂ ਆ ਸਕਦੀਆਂ। ਸਿੱਧੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਰੇਤ ਤੋਂ 300 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ ਅਤੇ ਉਨ੍ਹਾਂ ਨੇ ਠੇਕੇ ਬੰਦ ਕਰਕੇ ਸਰਕਾਰੀ ਕੰਟਰੋਲ ਪਾ ਕੇ 2400 ਕਰੋੜ ਦਾ ਫਾਇਦਾ ਦੱਸਿਆ ਸੀ। ਤੇਲੰਗਾਨਾ ਵਿਚ 300 ਕਿਲੋਮੀਟਰ ਦਰਿਆ ਹਨ ਅਤੇ 1300 ਕਿਲੋਮੀਟਰ ਦੀਆਂ ਚਾਰ ਨਦੀਆਂ ਹਨ, ਫਿਰ ਵੀ ਇੱਕ ਸਾਲ ਵਿਚ 4700 ਕਰੋੜ ਰੁਪਏ ਸਰਕਾਰ ਕੋਲ ਜਮ੍ਹਾਂ ਹੁੰਦੇ ਹਨ ਅਤੇ 40 ਕਰੋੜ ਇੱਥੇ ਦਿੱਤੇ ਜਾਂਦੇ ਹਨ।
ਕੇਜਰੀਵਾਲ ਨੇ ਕਿਹਾ ਸੀ ਕਿ ਉਹ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ 30000 ਕਰੋੜ ਕਮਾਉਣਗੇ, ਜਦਕਿ ਪੰਜਾਬ ਦਾ 1 ਲੱਖ 70 ਹਜ਼ਾਰ ਕਰੋੜ ਦਾ ਬਜਟ ਹੈ, ਜਿਸ 'ਚੋਂ 1 ਲੱਖ ਤੋਂ ਵੱਧ ਦਾ ਬਜਟ ਤੈਅ ਹੈ, ਜੋ ਤਨਖਾਹਾਂ ਦੇਣ ਅਤੇ ਕਰਜ਼ੇ ਮੋੜਨ 'ਤੇ ਜਾਂਦਾ ਹੈ। ਜੇਕਰ ਠੇਕੇ ਬੰਦ ਹੋ ਗਏ ਤਾਂ ਭ੍ਰਿਸ਼ਟਾਚਾਰ ਕਿੱਥੋਂ ਹੋਵੇਗਾ ਅਤੇ ਕਮਿਸ਼ਨ ਕਿੱਥੋਂ ਆਵੇਗਾ? ਨਵਜੋਤ ਸਿੱਧੂ ਨੇ ਹਿਮਾਚਲ ਦੌਰੇ ਨੂੰ ਲੈ ਕੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੋਵਾਂ ਨੂੰ ਘੇਰਿਆ ਤੇ ਕਿਹਾ ਕਿ ਮੈਂ ਡਰਾਮੇ ਕਰਨ ਵਿਚ ਵਿਸ਼ਵਾਸ ਨਹੀਂ ਰੱਖਦਾ। ਪਹਿਲਾਂ ਇਹ ਰੇਲਗੱਡੀ 'ਤੇ ਚੜ ਕੇ ਜਾਂਦੇ ਸੀ ਤੇ ਹੁਣ ਚਾਪਰ ਦੀ ਲੋੜ ਪੈ ਗਈ। ਪੰਜਾਬ ਸਰਕਾਰ ਦਾ ਹੈਲੀਕਾਪਟਰ ਪਾਰਟੀ ਸੁਪਰੀਮੋ ਨੂੰ ਦਿੱਲੀ ਲਿਆਉਣ ਅਤੇ ਹਿਮਾਚਲ ਵਿਚ ਚੋਣ ਲੜਨ ਲਈ ਨਹੀਂ ਹੈ। ਪਾਰਟੀ ਦੇ ਪੈਸੇ ਖਰਚ ਕੇ ਪ੍ਰਾਈਵੇਟ ਟੂਰ ਕਰਨੇ ਚਾਹੀਦੇ ਹਨ। ਪੰਜਾਬ ਦੇ ਲੋਕਾਂ ਦੇ ਪੈਸੇ ਠੰਡੀਆਂ ਹਵਾਵਾਂ ਦਾ ਆਨੰਦ ਲੈਣ ਲਈ ਨਹੀਂ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਕੇਜਰੀਵਾਲ ਅਤੇ ਮਾਨ ਨੂੰ ਪੰਜਾਬ ਨੂੰ ਲੁੱਟਣ ਵਾਲੇ ਮਾਈਨਿੰਗ ਮਾਫੀਆ ਦਾ ਪਰਦਾਫਾਸ਼ ਕਰਨ ਦੇ ਵਾਅਦੇ ਯਾਦ ਕਰਵਾਏ। ਖਹਿਰਾ ਨੇ ਇੱਕ ਟਵੀਟ ਵਿਚ ਕਿਹਾ ਕਿ ਜੇਕਰ ਉਹ ਸੱਤਾ ਵਿਚ ਹਨ ਤਾਂ ਉਨ੍ਹਾਂ ਨੂੰ ਇੱਕ ਵ੍ਹਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਅਤੇ ਇਸ ਗੱਲ ਦੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ ਕਿ ਸਿਆਸਤਦਾਨਾਂ ਸਮੇਤ ਪੰਜਾਬ ਨੂੰ ਕਿਸ ਨੇ ਲੁੱਟਿਆ।