
ਆਧੁਨਿਕ ਤਕਨੀਕਾਂ ਵਾਲੇ ਪ੍ਰਸਾਰਣ ਕੇਂਦਰ ਦਾ ਸਾਰਾ ਖ਼ਰਚਾ ਚੁਕਣ ਦੀ ਗੱਲ ਆਖੀ
ਕਿਹਾ, ਕਿਸੇ ਇਕ ਚੈਨਲ ਨਹੀਂ ਬਲਕਿ ਸੱਭ ਚੈਨਲਾਂ ਤੇ ਮਾਧਿਅਮਾਂ ਰਾਹੀਂ ਹੋਵੇ ਪ੍ਰਸਾਰਣ
ਚੰਡੀਗੜ੍ਹ, 7 ਅਪ੍ਰੈਲ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਸ.ਜੀ.ਪੀ.ਸੀ. ਨੂੰ ਇਕ ਵੱਡੀ ਪੇਸ਼ਕਸ਼ ਕਰਦਿਆਂ ਦੁਨੀਆਂ ਭਰ ਵਿਚ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਸਾਰਾ ਖ਼ਰਚਾ ਚੁਕਣ ਦੀ ਗੱਲ ਆਖੀ ਹੈ | ਮੁੱਖ ਮੰਤਰੀ ਨੇ ਇਕ ਵੀਡੀਉ ਸੰਦੇਸ਼ ਰਾਹੀਂ ਕਮੇਟੀ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਸਰਬ ਸਾਂਝੀ ਗੁਰਬਾਣੀ ਦਾ ਪ੍ਰਸਾਰਣ ਕਰਨਾ ਸਾਡਾ ਫ਼ਰਜ਼, ਧਰਮ ਤੇ ਡਿਊਟੀ ਹੈ | ਅਸੀ ਦਰਬਾਰ ਸਾਹਿਬ ਨੂੰ ਇਸ ਲਈ ਪੂਰੀ ਨਵੀਂ ਤਕਨਾਲੋਜੀ ਨਾਲ ਲੈਸ ਕਰਨ ਲਈ ਤਿਆਰ ਹਾਂ | ਨਵਾਂ ਸਾਜ਼ੋ ਸਮਾਨ, ਕੈਮਰੇ ਜੋ ਵੀ ਹੋਣ, ਲਈ ਅਸੀ ਸਾਰਾ ਖ਼ਰਚਾ ਚੁਕਾਂਗੇ ਤਾਕਿ ਗੁਰਬਾਣੀ ਦਾ ਸੱਭ ਮਾਧਿਅਮਾਂ ਤੇ ਚੈਨਲਾਂ ਰਾਹੀਂ ਦੁਨੀਆਂ ਭਰ ਵਿਚ ਪ੍ਰਸਾਰਣ ਹੋਵੇ |
ਸੂਬਾ ਸਰਕਾਰ ਨੂੰ ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ ਵਿਖੇ ਆਧੁਨਿਕ ਪ੍ਰਸਾਰਣ/ਸੰਚਾਰ ਤਕਨੀਕਾਂ ਨੂੰ ਸਥਾਪਤ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 'ਸਰਬ ਸਾਂਝੀ ਗੁਰਬਾਣੀ' ਦੇ ਦੁਨੀਆਂ ਭਰ 'ਚ ਪਸਾਰ ਲਈ ਪੰਜਾਬ ਸਰਕਾਰ ਵਲੋਂ ਹਰ ਸੰਭਵ ਮਦਦ ਦਿਤੀ ਜਾਵੇਗੀ ਤਾਂ ਜੋ 'ਸਰਬੱਤ ਦੇ ਭਲੇ' ਦੇ ਇਲਾਹੀ ਸੰਦੇਸ਼ ਨੂੰ ਦੁਨੀਆਂ ਭਰ ਵਿਚ ਵਸਦੇ ਲੋਕਾਂ ਤਕ ਪਹੁੰਚਾਇਆ ਜਾ ਸਕੇ | ਇਹ ਉਪਰਾਲਾ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਦੇ ਨਾਲ-ਨਾਲ ਰਸਭਿੰਨੀ ਇਲਾਹੀ ਗੁਰਬਾਣੀ ਸਰਵਣ ਕਰਨ
ਦਾ ਮੌਕਾ ਵੀ ਪ੍ਰਦਾਨ ਕਰੇਗਾ | ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਵਲੋਂ ਸੌਂਪੀ ਜਾਣ ਵਾਲੀ ਹਰ ਸੇਵਾ ਨਿਭਾਉਣ ਲਈ ਤਿਆਰ ਹੈ |
ਅਪਣੇ ਵੀਡੀਉ ਸੰਦੇਸ਼ ਵਿਚ ਭਗਵੰਤ ਮਾਨ ਨੇ ਕਿਹਾ ਕਿ ਗੁਰਬਾਣੀ ਦੇ ਇਲਾਹੀ ਸੰਦੇਸ਼ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਉਨ੍ਹਾਂ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਨੂੰ ਇਕੋ ਮਾਧਿਅਮ ਤਕ ਸੀਮਤ ਕਰਨ ਦੀ ਬਜਾਏ ਸੈਟੇਲਾਈਟ ਟੀ.ਵੀ ਸਮੇਤ ਸੰਚਾਰ ਦੇ ਵੱਖ-ਵੱਖ ਪਲੇਟਫ਼ਾਰਮਾਂ ਜਿਵੇਂ ਰੇਡੀਉ, ਐਫ਼.ਐਮ., ਸੋਸ਼ਲ ਮੀਡੀਆ ਅਤੇ ਮੋਬਾਈਲ ਐਪਸ 'ਤੇ ਪ੍ਰਸਾਰਤ ਕੀਤਾ ਜਾਵੇ |