
Ravneet Bittu Interview :ਅਕਾਲੀਆਂ ਨੇ ਭਾਜਪਾ ਨਾਲ ਗਠਜੋੜ ਕਰ ਕੇ ਅਪਣੇ ਫਾਇਦੇ ਹੀ ਕੱਢੇ-ਬਿੱਟੂ
Ravneet Bittu Interview with Rozana Spokesman : ਮੁਹਾਲੀ (ਗਗਨਦੀਪ ਕੌਰ): ਆਗਾਮੀ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਉਥਲ-ਪੁਥਲ ਲਗਾਤਾਰ ਜਾਰੀ ਹੈ। ਪਾਰਟੀਆਂ ਦੇ ਉਮੀਦਵਾਰ ਇਕ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ। ਸਾਬਕਾ ਕਾਂਗਰਸੀ ਆਗੂ ਰਵਨੀਤ ਬਿੱਟੂ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ ਹੈ। ਲੋਕ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਦਰਬਾਰ-ਏ-ਸਿਆਸਤ ਪ੍ਰੋਗਰਾਮ ਵਿਚ ਰਵਨੀਤ ਸਿੰਘ ਬਿੱਟੂ ਨਾਲ ਖ਼ਾਸ ਗੱਲਬਾਤ ਕੀਤੀ।
ਪੇਸ਼ ਹਨ ਉਨ੍ਹਾਂ ਹੋਈ ਗੱਲਬਾਤ ਦੇ ਵਿਸ਼ੇਸ਼ ਅੰਸ਼:
ਸਵਾਲ- ਜਦੋਂ ਤੁਸੀਂ ਭਾਜਪਾ ਵਿਚ ਸ਼ਾਮਲ ਹੋਣ ਦਾ ਵੱਡਾ ਫ਼ੈਸਲਾ ਲਿਆ ਤਾਂ ਅਸੀਂ ਸਾਰੇ ਹੈਰਾਨ ਰਹਿ ਗਏ ਸੀ, ਸੁਣਨ ਵਿਚ ਆਇਆ ਸੀ ਕਿ ਤੁਹਾਡੇ ਪ੍ਰਵਾਰ ਨੂੰ ਵੀ ਇਸ ਬਾਰੇ ਕੁੱਝ ਨਹੀਂ ਪਤਾ ਸੀ?
ਜਵਾਬ- ਹਾਂਜੀ, ਇਹ ਗੱਲ ਸੱਚ ਹੈ ਕਿ ਮੇਰੇ ਪ੍ਰਵਾਰ ਨੂੰ ਮੇਰੇ ਭਾਜਪਾ ਵਿਚ ਸ਼ਾਮਲ ਹੋਣ ਦੀ ਖ਼ਬਰ ਨਹੀਂ ਸੀ, ਮੈਂ ਮੇਰੇ ਭਰਾ ਨੂੰ ਕਾਫੀ ਸਮਾਂ ਪਹਿਲਾਂ ਦਸਿਆ ਸੀ ਕਿ ਜੇ ਬੀਜੇਪੀ ਅਕਾਲੀ ਦਲ ਨਾਲ ਗਠਜੋੜ ਨਹੀਂ ਕਰਦੀ ਤਾਂ ਮੈਂ ਭਾਜਪਾ ਵਿਚ ਸ਼ਾਮਲ ਹੋ ਸਕਦਾ ਹੈ। ਫਿਰ ਮੈਨੂੰ ਹੋਲੀ ਤੋਂ ਦੂਜੇ ਦਿਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਫੋਨ ਆਇਆ ਕਿ ਅਸੀਂ ਅਕਾਲੀ ਦਲ ਨਾਲ ਗਠਜੋੜ ਨਹੀਂ ਕਰ ਰਹੇ। ਫਿਰ ਉਦੋਂ ਮੈਂ ਭਾਜਪਾ ਵਿਚ ਸ਼ਾਮਲ ਹੋਣ ਦੀ ਹਾਮੀ ਭਰੀ। ਫਿਰ ਉਦੋਂ ਹੀ ਮੈਂ ਅਪਣੇ ਘਰਦਿਆਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਦਸਿਆ ।
ਸਵਾਲ- ਮੈਂ ਸੁਣਿਆ ਕੁੱਝ ਲੋਕ ਰੋਏ ਵੀ ਸਨ?
ਜਵਾਬ- ਸਾਡਾ ਕਾਂਗਰਸ ਨਾਲ ਤਿੰਨ ਪੀੜੀਆਂ ਦਾ ਰਿਸ਼ਤਾ ਸੀ। ਮੈਂ 10 ਸਾਲ ਦਾ ਸੀ ਜਦੋਂ ਮੇਰੇ ਪਿਤਾ ਦੀ ਮੌਤ ਹੋ ਗਈ, ਮੇਰੇ ਦਾਦਾ ਜੀ ਨੇ ਮੈਨੂੰ ਪਾਲਿਆ। ਉਹ ਤਿੰਨ ਪੀੜੀਆਂ ਮੈਨੂੰ ਵੀ ਮੇਰੇ ਦਾਦਾ ਜੀ ਵਾਂਗ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣਾ ਵੇਖਣਾ ਚਾਹੁੰਦੇ ਸਨ। ਮੇਰੇ ਨਾਲ ਤਾਂ ਨਹੀਂ ਪਰ ਰਿਸ਼ਤੇਦਾਰ ਆਪਸ ਵਿਚ ਜ਼ਰੂਰ ਨਰਾਜ਼ ਹੋਏ ਸਨ।
ਸਵਾਲ- ਤੁਹਾਡੀ ਤਾਕਤ ਤੁਹਾਡੇ ਦਾਦਾ ਜੀ ਦੇ ਸਮੇਂ ਤੋ ਸ਼ੁਰੂ ਹੋ ਗਈ ਸੀ, ਜੇ 100 ਲੋਕ ਮਾੜਾ ਬੋਲਦੇ ਹਨ ਤਾਂ ਉਨ੍ਹਾਂ ਨਾਲ ਜੁੜੇ ਵੀ ਬਹੁਤ ਲੋਕ ਹਨ। ਹੁਣ ਤੁਸੀਂ ਭਾਜਪਾ ਵਿਚ ਜਾਣ ਦਾ ਫ਼ੈਸਲਾ ਲਿਆ, ਹੁਣ ਪ੍ਰਵਾਰ ਨਾਲ ਖੜਾ ਜਾਂ ਨਰਾਜ਼ ਹੈ?
ਜਵਾਬ- ਮੈਂ ਅਪਣੇ ਵੱਡੇ ਭਰਾ ਗੁਰਕੀਰਤ ਸਿੰਘ ਨੂੰ ਦੱਸ ਦਿਤਾ ਸੀ ਕਿ ਮੈਂ ਭਾਜਪਾ ਵਿਚ ਸ਼ਾਮਲ ਹੋਣ ਜਾ ਰਿਹਾ ਹਾਂ, ਉਨ੍ਹਾਂ ਨੇ ਮੈਨੂੰ ਕਿਹਾ ਜਿਹੜਾ ਤੇਰਾ ਫ਼ੈਸਲਾ ਉਹ ਠੀਕ ਹੈ।
ਸਵਾਲ- ਤੁਹਾਡੇ ਭਰਾ ਕਾਂਗਰਸ ਵਿਚ ਹੀ ਰਹਿਣਗੇ?
ਜਵਾਬ- 100 ਪ੍ਰਤੀਸ਼ਤ ਉਹ ਕਾਂਗਰਸ ਵਿਚ ਹੀ ਰਹਿਣਗੇ।
ਸਵਾਲ- ਅਸੀਂ ਵੇਖਦੇ ਹਾਂ ਕਿ ਜੇ ਕੋਈ ਇਕ ਬੰਦਾ ਸ਼ਾਮਲ ਹੁੰਦਾ ਤਾਂ ਉਸ ਨਾਲ ਹੋਰ ਵੀ ਬਹੁਤ ਸਾਰੇ ਲੋਕ ਸ਼ਾਮਲ ਹੋ ਜਾਂਦੇ, ਤੁਸੀਂ ਵੀ ਹੋਰ ਲੋਕਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਓਗੇ?
ਜਵਾਬ- ਨਹੀਂ ਜੀ, ਬਿਲਕੁਲ ਵੀ ਨਹੀਂ, ਮੈਂ ਇਹ ਗੱਲ ਨਾ ਕੀਤੀ, ਨਾ ਕਰਾਂਗਾ। ਜਿਸ ਦਾ ਮਨ ਹੋਵੇਗਾ ਉਹ ਆਪੇ ਭਾਜਪਾ ਵਿਚ ਸ਼ਾਮਲ ਹੋ ਜਾਵੇਗਾ।
ਸਵਾਲ-ਤੁਹਾਡੀ ਤੇ ਆਸ਼ੂ ਜੀ ਦੀ ਦੋਸਤੀ ਬਾਕਮਾਲ ਹੈ। ਤੁਸੀਂ ਇਕ ਦੂਜੇ ਦਾ ਬਹੁਤ ਕਰਦੇ ਹੋ, ਉਹ ਤੁਹਾਡੇ ਨਾਲ ਬਹੁਤ ਨਰਾਜ਼ ਹਨ। ਹੁਣ ਇਹ ਸਮਾਂ ਵੀ ਆ ਸਕਦਾ ਤੁਸੀਂ ਉਨ੍ਹਾਂ ਦੇ ਵਿਰੁਧ ਜਾਂ ਉਹ ਤੁਹਾਡੇ ਵਿਰੁਧ ? ਚੋਣ ਲੜ ਸਕਦੇ ਹਨ?
ਜਵਾਬ- ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ 2014 ਦੀਆਂ ਵੋਟਾਂ ਪਈਆਂ ਸਨ। ਉਸ ਸਮੇਂ ਉਹੀਂ ਮੈਨੂੰ ਲੁਧਿਆਣੇ ਲੈ ਕੇ ਗਏ ਸਨ। ਉਦੋਂ ਤੋਂ ਸਾਡਾ ਸਕੇ ਭਰਾਵਾਂ ਵਾਲਾ ਰਿਸ਼ਤਾ ਬਣ ਗਿਆ। ਹੁਣ ਮੇਰੇ ਚੋਣਾਂ ਵੇਲੇ ਪਾਰਟੀ ਨੂੰ ਛੱਡ ਕੇ ਜਾਣਾ, ਇਸ ਨਾਲ ਆਸ਼ੂ ਜੀ ਨੂੰ ਗੁੱਸੇ ਲੱਗਣਾ ਸੁਭਾਵਕ ਸੀ। ਰਿਸ਼ਤੇ ਕਦੇ ਪਾਰਟੀ ਕਰ ਕੇ ਨਹੀਂ ਟੁੱਟਣਗੇ ਨਾ ਹੀ ਮੈਂ ਕਦੇ ਤੋੜਾਂਗਾ। ਮੇਰੇ ਵਲੋਂ ਉਹ ਹਮੇਸ਼ਾ ਮੇਰੇ ਵੱਡੇ ਭਰਾ ਰਹਿਣਗੇ।
ਸਵਾਲ- ਭਾਜਪਾ ਵਲੋਂ ਪਹਿਲੀ ਵਾਰ ਆਫਰ ਨਹੀਂ ਆਈ। ਪਹਿਲਾਂ ਵੀ ਤੁਹਾਨੂੰ ਬਹੁਤ ਵਾਰ ਆਫਰਾਂ ਆਈਆਂ ਪਰ ਤੁਸੀਂ ਠੁਕਰਾ ਦਿਤੀਆਂ ਸਨ, ਕਿਉਂਕਿ ਤੁਸੀਂ ਹਮੇਸ਼ਾ ਕਿਹਾ ਕਿ ਸੋਨੀਆ ਗਾਂਧੀ ਮੇਰੇ ਮਾਂ ਵਰਗੇ ਹਨ, ਉਨ੍ਹਾਂ ਨਾਲ ਮੈਂ ਕੁੱਝ ਗਲਤ ਨਹੀਂ ਕਰਾਂਗਾ, ਫਿਰ ਹੁਣ ਉਸ ਰਿਸ਼ਤੇ ਦਾ ਕੀ ਹੋਵੇਗਾ?
ਜਵਾਬ- ਉਨ੍ਹਾਂ ਨੂੰ ਬੁਰਾ ਨਹੀਂ ਲੱਗੇਗਾ, ਕਿਉਂਕਿ ਮੈ ਜਿੰਨਾ ਸਮਾਂ ਵੀ ਪਾਰਟੀ ਵਿਚ ਰਿਹਾ, ਇਮਾਨਦਾਰੀ ਨਾਲ ਹੀ ਕੰਮ ਕੀਤਾ। ਕਦੇ ਵੀ ਮੈਂ ਉਨ੍ਹਾਂ ’ਤੇ ਦਾਗ ਜਾਂ ਧੱਬਾ ਨਹੀਂ ਲੱਗਣ ਦਿਤਾ। ਮੈਂ ਹਮੇਸ਼ਾ ਉਨ੍ਹਾਂ ਦਾ ਮਾਣ ਵਧਾਇਆ ਹੈ। ਉਹ ਰਿਸ਼ਤਾ ਤੇ ਸਤਿਕਾਰ ਬਰਕਰਾਰ ਰਹੇਗਾ।
ਸਵਾਲ- ਤੁਸੀਂ ਕਿਹਾ ਮੈਂ ਪੰਜਾਬ ਵਾਸਤੇ ਭਾਜਪਾ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ।
ਜਵਾਬ- ਦੇਸ਼ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਹਾਈਵੇਅ ਬਣ ਗਏ। ਦਿੱਲੀ ਵਿਚ ਕਿੰਨਾ ਕੁੱਝ ਹੋਇਆ ਹੈ ਤੇ ਕੀ ਗੱਲ ਪੰਜਾਬ ਦੇ ਕਿਸਾਨ ਧਰਨਿਆਂ ਜੋਗੇ ਰਹਿ ਗਏ ਹਨ।
ਸਵਾਲ- ਪੰਜਾਬ ਵਿਚ ਵੀ ਅਕਾਲੀ ਦਲ ਦੀ ਭਾਈਵਾਲੀ ਨਾਲ ਡਬਲ ਇੰਜਣ ਦੀ ਸਰਕਾਰ ਰਹਿ ਚੁਕੀ ਹੈ। ਉਦੋਂ ਵਿਕਾਸ ਕਿਉਂ ਨਹੀਂ ਆਇਆ?
ਜਵਾਬ- ਉਹ ਕਾਹਦਾ ਡਬਲ ਇੰਜਣ ਸੀ, ਬੱਸ ਇਕ ਟੋਲਾ ਇਕੱਠਾ ਹੋਇਆ ਸੀ। ਅਕਾਲੀਆਂ ਨੇ ਬੱਸ ਅਪਣੇ ਫਾਇਦਿਆਂ ਲਈ ਹੀ ਕੰਮ ਕੀਤਾ। ਅਕਾਲੀ ਦਲ ਨੇ ਬੇਅਦਬੀ ਕਰਵਾਈ। ਕਿਸਾਨਾਂ ਦਾ ਬੁਰਾ ਹਾਲ ਕੀਤਾ।
ਸਵਾਲ- ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਦੁਬਾਰਾ ਹੋ ਸਕਦਾ?
ਜਵਾਬ- ਨਹੀਂ, ਇਹ ਨਹੀਂ ਹੋ ਸਕਦਾ। ਫਿਰ ਮੈਨੂੰ ਸ਼ਾਮਲ ਹੀ ਨਾ ਕਰਵਾਉਂਦੇ।
ਸਵਾਲ- ਜੇ ਕੱਲ੍ਹ ਨੂੰ ਅਜਿਹੀ ਸਥਿਤੀ ਆ ਗਈ ਕਿ ਤੁਸੀਂ ਚੋਣ ਲੜਦੇ ਪਏ ਹੋ ਤੇ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਹੋ ਗਿਆ। ਫਿਰ ਤੁਸੀਂ ਕੀ ਕਰੋਗੇ?
ਜਵਾਬ- ਫਿਰ ਅਸੀਂ ਘਰ ਬੈਠਾਂਗੇ। ਸਾਡਾ ਖੂਨ ਇਹ ਹੈ ਕਿ ਜੇ ਪੰਜਾਬ ਲਈ ਜਾਨ ਕੁਰਬਾਨ ਕਰਨੀ ਪਈ ਤਾਂ ਅਸੀਂ ਕਰ ਦੇਵਾਂਗੇ ਤੇ ਇਸ ਲਈ ਹੀ ਤਾਂ ਮੈਂ ਭਾਜਪਾ ਵਿਚ ਸ਼ਾਮਲ ਹੋਇਆ ਹਾਂ। ਮੈਂ ਸਾਰੀਆਂ ਗੱਲਾਂ ਸਾਫ ਕਰ ਕੇ ਆਇਆ ਹਾਂ ਕਿ ਪੰਜਾਬ ਸਾਡੇ ਹਿਸਾਬ ਨਾਲ ਚੱਲੇਗਾ, ਜੋ ਪੰਜਾਬੀ ਚਾਹੁੰਦਾ ਉਹੀ ਹੋਵੇਗਾ।
ਸਵਾਲ- ਤੁਸੀਂ ਕਿਸਾਨੀ ਅੰਦੋਲਨ ਵੇਲੇ ਕਿਸਾਨਾਂ ਦੇ ਹੱਕ ਵਿਚ ਬਹੁਤ ਆਵਾਜ਼ ਚੁਕੀ।
ਜਵਾਬ- ਮੈਂ ਤੇ ਗੁਰਜੀਤ ਔਜਲਾ ਦਿਨ ਰਾਤ ਕਿਸਾਨਾਂ ਕੋਲ ਹੁੰਦੇ ਸੀ, ਅਸੀਂ ਮੀਂਹ, ਹਨੇਰੀ ਰਾਤ ਨੂੰ ਦਰਦ ਮਹਿਸੂਸ ਕੀਤਾ ਕਿ ਕਿਵੇਂ ਕਿਸਾਨ ਰਹਿ ਰਹੇ ਹਨ। ਮੈਂ ਇਕੱਲਾ ਸੀ ਜਿਸ ਨੇ ਰਾਸ਼ਟਰਪਤੀ ਦੇ ਭਾਸ਼ਣ ਅੱਗੇ ਕਿਸਾਨਾਂ ਦੀ ਆਵਾਜ਼ ਚੁਕੀ ਸੀ।
ਸਵਾਲ- ਇਕ ਪਾਸੇ ਤੁਸੀਂ ਕਿਸਾਨਾਂ ਦਾ ਇੰਨਾ ਦਰਦ ਮਹਿਸੂਸ ਕੀਤਾ, ਤੁਸੀਂ ਉਨ੍ਹਾਂ ਦੀ ਆਵਾਜ਼ ਚੁਕੀ। ਹਾਲ ਹੀ ਵਿਚ ਤੁਸੀਂ ਕਿਸਾਨ ਸ਼ੁਭਕਰਨ ਦੀ ਸ਼ਹਾਦਤ ਦੀ ਆਵਾਜ਼ ਚੁਕੀ। ਹੁਣ ਤੁਸੀਂ ਉਸੇ ਪਾਰਟੀ ਦਾ ਹਿੱਸਾ ਬਣਨ ਗਏ। ਹੁਣ ਤੁਸੀਂ ਕਿਸਾਨਾਂ ਨੂੰ ਕੀ ਕਹੋਗੇ?
ਜਵਾਬ- ਮੈਂ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨਾਲ ਖੜਾ ਰਿਹਾ। ਮੇਰੇ ਸੱਟਾਂ ਵੀ ਵੱਜੀਆਂ ਸੀ। ਕਿਸਾਨਾਂ ਨੇ ਮੇਰੇ ’ਤੇ ਹਮਲਾ ਕੀਤਾ। ਪੁਲਿਸ ਨੇ ਮੈਨੂੰ ਕਿਹਾ ਕਿ ਤੁਸੀਂ ਇੰਨਾ ’ਤੇ ਪਰਚਾ ਦਰਜ ਕਰਵਾਓ। ਮੈਂ ਕਿਹਾ ਬਿਲਕੁਲ ਵੀ ਕੋਈ ਪਰਚਾ ਦਰਜ ਨਹੀਂ ਹੋਵੇਗਾ। ਮੇਰੇ ਕਿਸਾਨ ਨੇ ਜੇ ਮਾਰ ਵੀ ਲਿਆ ਤਾਂ ਕੀ ਹੋ ਗਿਆ। ਪਹਿਲਾਂ ਬੰਬ ਨਾਲ ਮਰੇ ਸੀ ਜੇ ਹੁਣ ਵੀ ਮਰ ਜਾਂਦੇ ਤਾਂ ਕੀ ਹੋ ਜਾਂਦਾ। ਕਿਸਾਨੀ ਬਿਲ ਤਾਂ ਵਾਪਸ ਹੁੰਦੇ। ਜਦੋਂ ਹੁਣ ਮੈਂ ਭਾਜਪਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਅਸੀਂ ਤਾਂ ਕਿਸਾਨਾਂ ਲਈ ਬਹੁਤ ਕੁੱਝ ਕਰਨਾ ਹੈ।
ਸਵਾਲ- ਹੁਣ ਤੁਸੀਂ ਹਰਿਆਣਾ ’ਚ ਜੋ ਕਿਸਾਨਾਂ ਲਈ ਬਾਰਡਰ ਬਣਾਏ ਗਏ, ਹਟਾ ਪਾਓਗੇ?
ਜਵਾਬ- ਜੇ ਅਸੀਂ ਇਹ ਬਾਰਡਰ ਨਾ ਹਟਾ ਸਕੇ, ਫਿਰ ਅਸੀਂ ਭਾਜਪਾ ਵਿਚ ਸ਼ਾਮਲ ਹੀ ਕਿਉਂ ਹੋਏ? ਪੰਜਾਬ ਵਿਚ ਭਾਜਪਾ ਦੀ ਹੀ ਸਰਕਾਰ ਬਣਨੀ ਹੈ। ਭਾਜਪਾ ਤਾਂ ਕਿਸਾਨਾਂ ਲਈ ਕਿੰਨਾ ਕੁੱਝ ਕਰਨਾ ਚਾਹੁੰਦੀ ਹੈ। ਦੋਹਾਂ ਪਾਰਟੀਆਂ ਦੇ ਲੀਡਰਾਂ ਨੇ ਕਿਸਾਨਾਂ ਲਈ ਬਾਰਡਰ ਬਣਾਏ। ਚੁਟਕੀ ਮਾਰ ਕੇ ਐਮ.ਐਸ.ਪੀ. ਦੀਆਂ ਗੱਲਾਂ ਕੌਣ ਕਰਦਾ ਸੀ।
ਸਵਾਲ- ਤੁਸੀਂ ‘ਆਪ’ ਦਾ ਕਸੂਰ ਕਹਿ ਰਹੇ ਹੋ।
ਜਵਾਬ- ਬਿਲਕੁਲ, ‘ਆਪ‘ ਦਾ ਕਸੂਰ ਹੈ। ਕੀ ਇੰਨਾ ਵਿਚ ਇੰਨੀ ਹਿੰਮਤ ਨਹੀਂ ਕਿ ਇਹ ਹਰਿਆਣੇ ਦਾ ਬਾਰਡਰ ਹਟਾ ਦੇਣ। ਜੇ ਆਪਾਂ ਇਹ ਨਹੀਂ ਕਰ ਸਕਦੇ ਫਿਰ ਆਪਾਂ ਪੰਜਾਬ ਦੇ ਲੋਕਾਂ ਬਾਰੇ ਕਰ ਕੀ ਰਹੇ ਹਾਂ। ਇੰਨਾ ਨੇ ਤਾਂ ਗੋਲੀ ਚਲਾਉਣ ਵਾਲੇ ਵਿਰੁਧ ਨਹੀਂ ਮਾਮਲਾ ਦਰਜ ਕੀਤਾ।
ਸਵਾਲ- ਗੋਲੀ ਚਲਾਉਣ ਵਾਲੇ ਦਾ ਕਸੂਰ ਵੀ ਸੀ?
ਜਵਾਬ- ਫਿਰ ਉਨ੍ਹਾਂ ਨੂੰ ਸਜ਼ਾ ਕੌਣ ਦੇਵੇਗਾ।
ਸਵਾਲ- ਹੁਣ ਉਹ ਤੁਹਾਡੀ ਪਾਰਟੀ ਹੈ?
ਜਵਾਬ- ਮੈਂ ਤਾਂ ਕਰਾਂਗਾ ਹੀ। ਮੈਂ ਇਕੱਲੀ-ਇਕੱਲੀ ਚੀਜ਼ ਕਰਾਂਗਾ। ਅਸੀਂ ਲੋੜ ਪੈਣ ’ਤੇ ਜਾਨ ਵੀ ਵਾਰ ਦੇਵਾਂਗੇ।
ਸਵਾਲ- ਤੁਸੀਂ ਅਪਣੇ ਭਾਸ਼ਣ ਵਿਚ ਕਿਹਾ ਸੀ ਕਿ ਪੰਜਾਬ ਕੋਲ ਅਪਣੀ ਰਾਜਧਾਨੀ ਨਹੀਂ ਹੈ। ਅੱਜ ਵੀ ਤੁਸੀਂ ਅਪਣੇ ਭਾਸ਼ਣ ’ਤੇ ਕਾਇਮ ਹੋ?
ਜਵਾਬ- ਬੀਜੇਪੀ ਬਹੁਤ ਤਾਕਤਵਾਰ ਪਾਰਟੀ ਹੈ ਪਰ ਉਸ ਨੂੰ ਕਦੇ ਮੌਕਾ ਨਹੀਂ ਮਿਲਦਾ ਸੀ ਹੁਣ ਜਦੋਂ ਬੀਜੇਪੀ ਜਿੱਤ ਕੇ ਜਾਵੇਗੀ ਤਾਂ ਕੱਲੀ ਕੱਲੀ ਗੱਲ ਕਿਸਾਨਾਂ ਦੇ ਕਰਜ਼ੇ ਮੁਆਫ਼, ਕਿਸਾਨਾਂ ਦੇ ਵਿਰੁਧ ਦਰਜ ਮਾਮਲੇ ਰੱਦ ਬਾਰੇ ਹੱਲ ਹੋਵੇਗਾ। ਪੰਜਾਬ ਦੀ ਰਾਜਧਾਨੀ ਦਾ ਮਸਲਾ, ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਹੋਵੇਗਾ।
ਸਵਾਲ- ਬੰਦੀ ਸਿੰਘਾਂ ਬਾਰੇ ਅੱਜ ਤੁਹਾਡੇ ਕੀ ਵਿਚਾਰ ਹਨ?
ਜਵਾਬ- ਦੇਸ਼ ਕਾਨੂੰਨ ਨਾਲ ਚੱਲਦਾ। ਬਹੁਤ ਸਿੱਖ ਪੈਰੋਲ ਦੇ ਬਾਹਰ ਆ ਗਏ ਹਨ ਉਹ ਅਪਣੇ ਪ੍ਰਵਾਰ ਨਾਲ ਰਹਿ ਰਹੇ ਹਨ। ਬਾਕੀ ਬੰਦੀ ਸਿੰਘ ਵੀ ਇਹ ਕਹਿ ਦੇਣ ਅਸੀਂ ਬਾਹਰ ਆ ਕੇ ਕਿਸੇ ਨਿਹੱਥੇ ਨੂੰ ਨਹੀਂ ਮਾਰਾਂਗੇ। ਬੰਬ ਨਹੀਂ ਚਲਾਵਾਂਗੇ, ਗੋਲੀਆਂ ਨਹੀਂ ਚਲਾਵਾਂਗੇ। ਬਸ ਇਹੀ ਕਹਿ ਦੇਣ ਵੀ ਅਸੀਂ ਬਾਹਰ ਆ ਕੇ ਕਿਸੇ ਨੂੰ ਕੁੱਝ ਨਹੀਂ ਕਹਾਂਗੇ।
ਸਵਾਲ- ਪ੍ਰੋਫੈਸਰ ਭੁੱਲਰ?
ਜਵਾਬ- ਉਨ੍ਹਾਂ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ। ਮੈਂ ਆਪਣਿਆਂ ਦੀ ਗੱਲ ਕੀਤੀ ਹੈ।
ਸਵਾਲ- ਉਨ੍ਹਾਂ ਨੇ ਸਜ਼ਾ ਭੁਗਤ ਲਈ। ਉਨ੍ਹਾਂ ਦੀ ਮਾਨਸਿਕ ਹਾਲਕ ਠੀਕ ਨਹੀਂ ਹੈ।
ਜਵਾਬ- ਉਨ੍ਹਾਂ ਦਾ ਫੈਸਲਾ ਤਾਂ ‘ਆਪ‘ ਸਰਕਾਰ ਨੇ ਲੈਣਾ ਹੈ। ਹੁਣ ‘ਆਪ‘ ਵਾਲੇ ਜੇਲ ਵਿਚ ਬੈਠੇ ਹਨ। ਹੁਣ ਪਤਾ ਲੱਗੇਗਾ ਕਿ ਜੇਲਾਂ ਦਾ ਦਰਦ ਕੀ ਹੈ। ਹੁਣ ਲਗਦਾ ਜਦੋਂ ਇਹ ਜੇਲ ਵਿਚੋਂ ਬਾਹਰ ਆਉਣਗੇ ਤਾਂ ਸੱਭ ਤੋਂ ਪਹਿਲਾਂ ਭੁੱਲਰ ਵਾਲਾ ਫ਼ੈਸਲਾ ਹੀ ਕਰਨਗੇ।
ਸਵਾਲ- ‘ਆਪ’ ਸਰਕਾਰ ਨਾਲ ਸਬੰਧ ਠੀਕ ਨਹੀਂ ਕਿਤੇ ਤਾਂਹੀ ਤਾਂ ਨਹੀਂ ਭਾਜਪਾ ਵਿਚ ਸ਼ਾਮਲ ਹੋਏ?
ਜਵਾਬ- ਨਹੀਂ, ਬਿਲਕੁਲ ਵੀ ਨਹੀਂ। ਇਹ ਬਹੁਤ ਛੋਟੀਆਂ ਗੱਲਾਂ ਹਨ। ਲੋਕਾਂ ਲਈ ਤਾਂ ਮੈਂ ਜੇਲ ਬਹੁਤ ਵਾਰ ਜਾਣਾ ਹੈ। ਮੈਂ ਇਕੱਲਾ ਸਿਆਸਤਦਾਨ ਹਾਂ ਜਿਸ ਨੇ ਪੰਜਾਬ ਦੇ ਸਾਰੇ ਪਿੰਡਾਂ ਦਾ ਦੌਰਾ ਕੀਤਾ। ਲੋਕਾਂ ਦਾ ਦਰਦ ਸਮਝਿਆ। ਕਿਸਾਨ ਮੇਰਾ ਜਿੰਨਾ ਮਰਜ਼ੀ ਵਿਰੋਧ ਕਰਨਾ, ਪਰ ਮੈਂ ਕਿਸਾਨਾਂ ਲਈ ਕੰਮ ਕਰਨਾ। ਮੈਂ ਪੰਜਾਬ ਬਦਲ ਕੇ ਵਿਖਾਵਾਂਗਾ।
ਸਵਾਲ- ਕਿਸੇ ਸਮੇਂ ਕਾਂਗਰਸ ਬਹੁਤ ਕਮਜ਼ੋਰ ਸੀ ਤੁਹਾਡੇ ਦਾਦਾ ਜੀ ਨੇ ਕਾਂਗਰਸ ਨੂੰ ਤਾਕਤਵਾਰ ਕੀਤਾ, ਕੀ ਤੁਸੀਂ ਹੁਣ ਭਾਜਪਾ ਨੂੰ ਵੱਖਰਾ ਮੋੜ ਦੇ ਸਕੋਗੇ?
ਜਵਾਬ- ਮੈਂ ਜਦੋਂ ਭਾਜਪਾ ਦਾ ਪੱਲਾ ਫੜਿਆ ਤਾਂ ਮੈਂ ਕਿਸਾਨਾਂ, ਮਜ਼ਦੂਰਾਂ ਦੀ ਹੀ ਪਹਿਲਾਂ ਗੱਲ ਕੀਤੀ।
ਸਵਾਲ- ਆਪਰੇਸ਼ਨ ਲੋਟਿਸ ਦੀ ਤਿਆਰੀ ਤਾਂ ਨਹੀਂ?
ਜਵਾਬ- ਬਿਲਕੁਲ ਵੀ ਨਹੀਂ। ਇੰਨਾ ਦਾ ਅਪਣਾ ਵਿਧਾਇਕ ਤੇ ਉਮੀਦਵਾਰ ਖੁਦ ਭਾਜਪਾ ਵਿਚ ਆਏ ਹਨ। ਹੋਰ ਵੀ ਬਹੁਤ ਜ਼ਿਆਦਾ ਆਉਣ ਨੂੰ ਤਿਆਰ ਹਨ ਪਰ ਅਸੀ ਅਪਣੇ ਬੀਜੇਪੀ ਵਰਕਰ ਅੱਗੇ ਲਿਆਉਣੇ ਹਨ।
ਸਵਾਲ- ਅੱਜ ਲੋਕ ਤੁਹਾਨੂੰ ਜਾਣਦੇ ਹਨ ਪਰ ਜਦੋਂ ਤੁਸੀਂ ਪਾਰਟੀ ਬਦਲ ਲਈ ਉਹ ਉਲਝਣ ਵਿਚ ਪੈ ਗਏ?
ਜਵਾਬ- ਲੋਕ ਮੈਨੂੰ ਜਾਣਦੇ, ਮੇਰੇ ’ਤੇ ਵਿਸ਼ਵਾਸ਼ ਕਰ ਕੇ ਹੀ ਵੋਟ ਪਾਉਣ।
ਸਵਾਲ- ਦੇਸ਼ ਵਿਚ ਬੇਰੁਜ਼ਗਾਰੀ ਵੱਧ ਰਹੀ ਹੈ।
ਜਵਾਬ- ਇੰਨਾ ਮਸਲਿਆਂ ਨੂੰ ਹੱਲ ਕਰਾਂਗੇ। ਮੋਦੀ ਜੀ ਵਿਕਸਤ ਦੇਸ਼ ਬਣਾ ਰਹੇ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Ravneet Bittu Interview with Rozana Spokesman, stay tuned to Rozana Spokesman)