
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਇਸ ਨਾਲ ਘਰਾਂ ਵਿਚ ਘਰੇਲੂ ਹਿੰਸਾ ਵਧੇਗੀ।
ਅੰਮ੍ਰਿਤਸਰ, 7 ਮਈ (ਸੁਖਵਿੰਦਰਜੀਤ ਸਿਘ ਬਹੋੜੂ) : ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਇਸ ਨਾਲ ਘਰਾਂ ਵਿਚ ਘਰੇਲੂ ਹਿੰਸਾ ਵਧੇਗੀ। ਜਥੇਦਾਰ ਨੇ ਬੜੇ ਅਫ਼ਸੋਸ ਨਾਲ ਕਿਹਾ ਕਿ ਸੰਗਤ ਦੀ ਆਸਥਾ ਦੇ ਕੇਂਦਰ ਗੁਰਧਾਮ ਬੰਦ ਹਨ, ਜਿਥੇ ਨਤਮਸਤਕ ਹੋਣ ਨਾਲ ਲੋਕਾਂ ਨੂੰ ਆਤਮਕ ਸ਼ਾਂਤੀ ਅਤੇ ਸਕੂਨ ਮਿਲਦਾ ਹੈ।
ਜਥੇਦਾਰ ਮੁਤਾਬਕ ਇਹ ਬੜਾ ਹੈਰਾਨੀਜਨਕ ਹੈ ਕਿ ਸ਼ਾਪਿੰਗ ਮਾਲ, ਕਪੜਾ ਮਾਰਕੀਟ ਅਤੇ ਸਮੂਹ ਵਪਾਰਕ ਆਦਾਰੇ ਬੰਦ ਹਨ ਪਰ ਸ਼ਰਾਬ ਦੇ ਠੇਕੇ ਖੋਲ੍ਹਣੇ ਬੜੇ ਜ਼ਰੂਰੀ ਹਨ। ਉਨ੍ਹਾ ਡੇਰਿਆਂ 'ਚ ਕੋਰੋਨਾ ਪੀੜਤ ਸਿੱਖ ਸ਼ਰਧਾਲੂਆਂ ਨੂੰ ਰੱਖਣ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਸ਼ੈਡ ਗਰਮੀ 'ਚ ਤਪ ਜਾਂਦੇ ਹਨ। ਅਜਿਹੇ ਤਪਸ਼ ਭਰੇ ਮਾਹੌਲ 'ਚ ਮਰੀਜ਼ਾਂ ਨੂੰ ਰਖਣਾ ਠੀਕ ਨਹੀ ਹੈ। ਸੰਗਤਾਂ ਵਲੋਂ ਫ਼ੋਨ ਆ ਰਹੇ ਹਨ ਕਿ ਸਿੱਖ ਸ਼ਰਧਾਲੂਆਂ ਨੂੰ ਡੇਰਿਆਂ 'ਚੋਂ ਗੁਰੂ ਘਰਾਂ ਦੀਆਂ ਸਰਾਵਾਂ ਵਿਚ ਭੇਜਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਸ਼ਰਧਾਲੂ ਡੇਰਿਆਂ 'ਚ ਰਹਿਣਾ ਚਾਹੁੰਦੇ ਹਨ ਉਹ ਉੱਥੇ ਰੱਖੇ ਜਾਣ। ਸਾਨੂੰ ਕੋਈ ਇਤਰਾਜ਼ ਨਹੀਂ।
File photo
ਜਥੇਦਾਰ ਨੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਭਵਿੱਖ ਵਿਚ ਕੋਈ ਵੀ ਅਜਿਹੇ ਕਾਂਡ ਕਰਨ ਦੀ ਜੁਰਅਤ ਨਹੀਂ ਕਰ ਸਕੇਗਾ। ਜਥੇਦਾਰ ਨੇ ਕਾਂਗਰਸ ਆਗੂ ਦਿੱਗਵਿਜੇ ਸਿੰਘ ਦੀ ਅਭੱਦਰ ਟਿੱਪਣੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਅਜਿਹੇ ਜੁੰਮੇਵਾਰ ਵਿਅਕਤੀ ਨੂੰ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।
ਉਨ੍ਹਾਂ ਅਜਿਹੇ ਲੋਕਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਪਹਿਲਾਂ ਬਲਦੇਵ ਸਿੰਘ ਪਠਲਾਵਾਂ ਕਾਰਨ ਹੋਲੇ ਮੁਹੱਲੇ ਦੀ ਸੰਗਤ ਨੂੰ ਬਦਨਾਮ ਕੀਤਾ ਗਿਆ। ਐਨ.ਆਰ .ਆਈ. ਵਿਰੁਧ ਭੰਡੀ ਪ੍ਰਚਾਰ ਕੀਤਾ ਗਿਆ। ਹੁਣ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਜਥੇਦਾਰ ਕਿਹਾ ਕਿ ਜਿਹੜੇ ਕਾਮੇ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਤੋਂ ਹਜ਼ੂਰ ਸਾਹਿਬ ਪੁੱਜੇ ਸਨ।
ਉਨ੍ਹਾਂ ਤਾਂ ਵਾਪਸ ਘਰ ਪਹੁੰਚਣ ਦਾ ਆਸਰਾ ਤੱਕਿਆ ਕਿ ਉਹ ਵੀ ਸ਼ਰਧਾਲੂਆਂ ਨਾਲ ਜਾ ਸਕਣਗੇ। ਪਰ ਜਿਸ ਤਰ੍ਹਾਂ ਦਾ ਵਰਤਾਅ ਕੀਤਾ ਗਿਆ, ਉਹ ਬੇਹੱਦ ਅਫ਼ਸੋਸਨਾਕ ਤੇ ਮੰਦਭਾਗਾ ਹੈ। ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਚਿੰਤਾਜਨਕ ਹੈ ਪਰ ਪੀੜਤਾਂ ਦਾ ਇਲਾਜ ਸਨਮਾਨਜਨਕ ਢੰਗ ਨਾਲ ਹੋਣਾ ਚਾਹੀਦਾ ਹੈ।