
ਪੰਜਾਬ ਦੇ ਜ਼ਿਲ੍ਹਿਆਂ 'ਚ ਅੱਜ ਆਏ ਪਾਜ਼ੇਟਿਵ ਕੇਸ
ਸੰਗਰੂਰ : 78 ਮਰੀਜ਼ ਆਏ
ਸੰਗਰੂਰ, 8 ਮਈ (ਸਿੱਧੂ) : ਜ਼ਿਲ੍ਹਾ ਸੰਗਰੂਰ ਨਾਲ ਸਬੰਧਤ 78 ਲੋਕਾਂ ਦੀ ਅੱਜ ਆਈ ਕੋਰੋਨਾ ਜਾਂਚ ਰੀਪੋਰਟ ਵਿਚ 2 ਔਰਤਾਂ ਦੀ ਰੀਪੋਰਟ ਪਾਜ਼ੇਟਿਵ ਪਾਏ ਜਾਣ ਦੀ ਸੰਗਰੂਰ ਦੇ ਸਿਹਤ ਵਿਭਾਗ ਵਲੋਂ ਪੁਸ਼ਟੀ ਕੀਤੀ ਗਈ ਹੈ। ਅੱਜ ਆਏ 2 ਪਾਜ਼ੇਟਿਵ ਕੇਸਾਂ ਉਪਰੰਤ ਹੁਣ ਜ਼ਿਲ੍ਹੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧ ਕੇ 97 ਹੋ ਗਈ ਹੈ।
ਨਵਾਂਸ਼ਹਿਰ : 18 ਮਰੀਜ਼ਾਂ ਦੀ ਪੁਸ਼ਟੀ
ਨਵਾਂਸ਼ਹਿਰ, 8 ਮਈ (ਅਮਰੀਕ ਸਿੰਘ ਢੀਂਡਸਾ) : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਦੇਰ ਰਾਤ ਆਏ ਕੋਵਿਡ ਸੈਂਪਲਾਂ ਦੇ ਨਤੀਜਿਆਂ 'ਚੋਂ 18 ਹੋਰ ਕੇਸ ਪਾਜ਼ੇਟਿਵ ਪਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦਸਿਆ ਕਿ ਇਨ੍ਹਾਂ 'ਚ 10 ਕੇਸ ਨਾਂਦੇੜ ਤੋਂ ਆਏ ਇਕਾਂਤਵਾਸ ਕੀਤੇ ਵਿਅਕਤੀਆਂ ਨਾਲ ਸਬੰਧਤ ਹਨ ਜਦਕਿ ਬਾਕੀ ਦੇ 8 ਕੇਸ ਜ਼ਿਲ੍ਹੇ ਦੇ ਪਿੰਡਾ ਗਰਚਾ, ਭੌਰਾ, ਕਮਾਮ, ਗੁਣਾਚੌਰ, ਸ਼ਕਤੀ ਨਗਰ ਬੰਗਾ, ਮਾਹੀਪੁਰ, ਮੰਗੂਪੁਰ ਤੇ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਨਾਲ ਸਬੰਧਤ ਹਨ। ਇਨ੍ਹਾਂ 8 ਵਿਅਕਤੀਆਂ ਦੀ ਟਰੈਵਲ ਹਿਸਟਰੀ ਹੋਣ ਕਾਰਨ ਇਨ੍ਹਾਂ ਦੇ ਸੈਂਪਲ ਇਹਤਿਆਤ ਵਜੋਂ ਲਏ ਗਏ ਸਨ।
ਗੁਰਦਾਸਪੁਰ : 16 ਹੋਰ ਪੀੜਤ ਨਿਕਲੇ
ਗੁਰਦਾਸਪੁਰ, 8 ਮਈ (ਅਨਮੋਲ) : ਜ਼ਿਲ੍ਹਾ ਗੁਰਦਾਸਪੁਰ 'ਚ ਕੋਰੋਨਾ ਪੀੜਤਾਂ ਦਾ ਗ੍ਰਾਫ਼ ਨੀਵਾਂ ਹੋਣ ਦੀ ਬਜਾਏ ਦਿਨੋ-ਦਿਨ ਹੋਰ ਵਧ ਰਿਹਾ ਹੈ। ਹੁਣ ਗੁਰਦਾਸਪੁਰ 'ਚੋਂ ਕੁਲ 16 ਲੋਕਾਂ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਦਸਣਯੋਗ ਹੈ ਕਿ ਬੀਤੀ ਸ਼ਾਮ 4 ਕੇਸ ਪਾਜ਼ੇਟਿਵ ਮਿਲਣ ਤੋਂ ਬਾਅਦ 16 ਹੋਰ ਲੋਕਾਂ ਦੀ ਰੀਪੋਰਟ ਪਾਈ ਗਈ ਸੀ। ਇਕੱਠੇ 20 ਕੋਰੋਨਾ ਦੇ ਮਰੀਜ਼ ਸਾਹਮਣੇ ਆਉਣ ਕਾਰਨ ਗੁਰਦਾਸਪੁਰ 'ਚ ਕੁਲ ਗਿਣਤੀ 109 ਤਕ ਪਹੁੰਚ ਗਈ ਹੈ।
ਜਲੰਧਰ : 7 ਨਵੇਂ ਮਾਮਲੇ ਆਏ
ਜਲੰਧਰ, 8 ਮਈ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ) : ਸ਼ਹਿਰ ਵਿਚ ਰੋਜ਼ਾਨਾ ਤੇਜ਼ੀ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਇਜ਼ਾਫ਼ਾ ਹੋ ਰਿਹਾ ਹੈ। ਅੱਜ ਸ਼ਹਿਰ ਵਿਚ ਕੋਰੋਨਾ ਦੇ 7 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 4 ਮਰਦ, 2 ਔਰਤਾਂ ਤੇ ਇਕ 4 ਸਾਲ ਦਾ ਬੱਚਾ ਸ਼ਾਮਲ ਹਨ। ਜਿਸ ਨਾਲ ਹੁਣ ਸ਼ਹਿਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 150 ਦੇ ਪਾਰ ਹੋ ਗਈ ਹੈ। ਅੱਜ ਸਾਹਮਣੇ ਆਏ ਮਰੀਜਾਂ ਵਿਚੋਂ ਮੇਅਰ ਜਗਦੀਸ਼ ਰਾਜਾ ਦੇ ਓ.ਐਸ.ਡੀ. ਹਰਪ੍ਰੀਤ ਵਾਲੀਆ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਹਰਪ੍ਰੀਤ ਵਾਲੀਆ ਦੀ ਇਸ ਤੋਂ ਪਹਿਲਾਂ ਰੀਪੋਰਟ ਨੈਗੇਟਿਵ ਆਈ ਸੀ, ਉਨ੍ਹਾਂ ਦੇ ਸੈਂਪਲ ਦੋਬਾਰਾ ਫਿਰ ਜਾਂਚ ਲਈ ਭੇਜੇ ਗਏ ਸਨ, ਪਰ ਅੱਜ ਜਾਂਚ ਤੋਂ ਬਾਅਦ ਉਹ ਰੀਪੋਰਟ ਵਿਚ ਫਿਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 3 ਮਰੀਜ ਗੋਵਿੰਦ ਨਗਰ, 3 ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂ ਸ਼ਾਮਿਲ ਹਨ।
ਫਗਵਾੜਾ : 5 ਪਾਜ਼ੇਟਿਵ ਕੇਸ ਆਏ
ਫਗਵਾੜਾ, 8 ਮਈ (ਪਪ) : ਅੱਜ ਇਥੇ 5 ਵਿਅਕਤੀਆਂ 'ਚ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਕੱਠੇ 5 ਪਾਜ਼ੇਟਿਵ ਕੇਸ ਸਾਹਮਣੇ ਆਉਣ ਕਰ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਫਗਵਾੜਾ ਦੀ ਟੀਮ ਵਲੋਂ ਇਨ੍ਹਾਂ ਸਾਰੇ 5 ਪਾਜ਼ੇਟਿਵ ਪਾਏ ਗਏ ਪੀੜਤਾਂ ਨੂੰ ਸਥਾਨਕ ਇਕ ਨਿਜੀ ਯੂਨੀਵਰਸਟੀ 'ਚ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਹੁਣ ਸ਼ਿਫ਼ਟ ਕੀਤਾ ਜਾ ਰਿਹਾ ਹੈ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵਲੋਂ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਪੀੜਤ ਸਿਵਲ ਹਸਪਤਾਲ ਫ਼ਗਵਾੜਾ ਦੇ ਆਈਸੋਲੇਸ਼ਨ ਵਾਰਡ 'ਚ ਕੁਆਰੰਟੀਨ ਕੀਤੇ ਗਏ ਸਨ। ਇਨ੍ਹਾਂ 'ਚੋਂ ਤਿੰਨ ਪਿੰਡ ਨਰੂੜ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਤਰਨ ਤਾਰਨ : 5 ਹੋਰ ਮਾਮਲੇ
ਤਰਨ ਤਾਰਨ ਸਾਹਿਬ, ਸ੍ਰੀ ਖਡੂਰ ਸਾਹਿਬ, 8 ਮਈ (ਅਮਿਤ ਮਰਵਾਹਾ, ਅਮਨਦੀਪ ਮਨਚੰਦਾ, ਕੁਲਦੀਪ ਸਿੰਘ ਮਾਨ ਰਾਮਪੁਰ) : ਤਰਨ ਤਾਰਨ ਜ਼ਿਲ੍ਹੇ 'ਚ 4 ਹੋਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ ਪਾਏ ਗਏ। ਜਿਸ ਨਾਲ ਤਰਨ ਤਾਰਨ ਜ਼ਿਲ੍ਹੇ 'ਚ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 161 ਹੋ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸ਼ਭਰਵਾਲ ਨੇ ਦਸਿਆ ਕਿ ਕੋਰੋਨਾ ਵਾਇਰਸ ਨਾਲ ਸਬੰਧਤ ਕੁੱਝ ਸ਼ੱਕੀ ਮਰੀਜ਼ਾਂ ਦੇ ਸੈਂਪਲ ਭੇਜੇ ਗਏ ਸਨ, ਜਿਨ੍ਹਾਂ ਵਿਚੋਂ ਚਾਰ ਵਿਅਕਤੀਆਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਜ਼ਿਲ੍ਹਾ ਤਰਨ ਤਾਰਨ ਵਿਚ 161 ਕੇਸ ਹੋ ਚੁੱਕੇ ਹਨ।
corona
ਫ਼ਤਿਹਗੜ੍ਹ ਸਾਹਿਬ : 4 ਹੋਰ ਪਾਜ਼ੇਟਿਵ
ਫ਼ਤਿਹਗੜ੍ਹ ਸਾਹਿਬ, 8 ਮਈ (ਇੰਦਰਪ੍ਰੀਤ ਬਖਸ਼ੀ) : ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਅੱਜ 4 ਕੋਰੋਨਾ ਪਾਜ਼ੇਟਿਵ ਮਾਮਲੇ ਆਏ ਹਨ ਜਿਸ ਤੋਂ ਬਾਅਦ ਜ਼ਿਲ੍ਹੇ ਦੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 23 ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 2 ਮਰੀਜ਼ ਠੀਕ ਹੋ ਗਏ ਅਤੇ 21 ਮਰੀਜ਼ ਐਕਟਿਵ ਹਨ। ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਦਸਿਆ ਕਿ ਅੱਜ ਜ਼ਿਲ੍ਹੇ ਵਿਚ ਖਮਾਣੋਂ, ਸਹਿਜਾਦਪੁਰ, ਕੋਟਲਾ ਅਤੇ ਬਹਿਰਾਮਪੁਰ ਵਿਖੇ ਚਾਰ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਹਨ ਜਿਨ੍ਹਾਂ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ਬਨੂੜ ਭੇਜਿਆ ਜਾ ਰਿਹਾ ਹੈ।
ਬਰਨਾਲਾ : 2 ਨਵੇਂ ਮਰੀਜ਼ ਆਏ
ਬਰਨਾਲਾ (ਗਰੇਵਾਲ) : ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸੇ ਤਹਿਤ ਬਰਨਾਲਾ 'ਚ ਬੀਤੇ ਦਿਨੀਂ ਕੋਰੋਨਾ ਦੇ 2 ਕੇਸ ਪਾਜ਼ੇਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 21 ਤਕ ਪਹੁੰਚ ਗਿਆ ਹੈ। ਸਿਵਲ ਸਰਜਨ ਗੁਰਿੰਦਰਬੀਰ ਸਿੰਘ ਨੇ ਦਸਿਆ ਕਿ ਬਰਨਾਲਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੀ ਜਾਂਚ ਲਈ 891 ਸੈਂਪਲ ਭੇਜੇ ਗਏ ਸਨ, ਜਿਨ੍ਹਾਂ 'ਚੋਂ 700 ਦੀ ਰੀਪੋਰਟ ਸਿਹਤ ਵਿਭਾਗ ਦੇ ਕੋਲ ਪਹੁੰਚੀ। 700 ਕੇਸਾਂ 'ਚੋਂ ਹੁਣ ਤਕ 21 ਕੇਸ ਪਾਜ਼ੇਟਿਵ ਪਾਏ ਗਏ ਹਨ ਅਤੇ 679 ਸੈਂਪਲਾਂ ਦੀ ਰੀਪੋਰਟ ਨੈਗੇਟਿਵ ਅਈ।
ਮਾਨਸਾ : ਇਕ ਹੋਰ ਦੀ ਪੁਸ਼ਟੀ
ਮਾਨਸਾ, 8 ਮਈ (ਪਪ) : ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਰਾਠੀ ਵਿਖੇ ਇਕ ਹੋਰ ਰੀਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਸਲਮਾਨ ਖ਼ਾਨ (19) ਜੋ ਬੀਤੇ ਦਿਨ ਮੋਗਾ ਤੋਂ ਆਇਆ ਸੀ, ਜੋ ਨਮੂਨੇ ਲੈਣ ਤੋਂ ਬਾਅਦ ਘਰ ਇਕਾਂਤਵਾਸ 'ਚ ਰਹਿ ਰਿਹਾ ਸੀ, ਜਿਸ ਦੀ ਰੀਪੋਰਟ ਆਉਣ 'ਤੇ ਉਕਤ ਵਿਅਕਤੀ ਕੋਰੋਨਾ ਪੀੜਤ ਪਾਇਆ ਗਿਆ। ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਇਸ ਪਿੰਡ 'ਚ ਮਰੀਜ਼ਾਂ ਦੀ ਗਿਣਤੀ 2 ਹੋ ਗਈ ਹੈ।