
ਦਫ਼ਾ 302 ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦਾ ਵਾਧਾ ਹੋਵੇ : ਰੰਧਾਵਾ ਜਾਂਚ 'ਚ ਅਣ-ਮਨੁੱਖੀ ਤਸ਼ੱਦਦ, ਬੇਦੋਸ਼ੇ ਕਤਲ ਤੇ ਜਿਊਂਦੇ ਸਾੜਨ ਦੇ ਕੇਸ ਬੇਨਕਾਬ ਹੋਣਗੇ
ਅੰਮ੍ਰਿਤਸਰ, 8 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸਿੱਖ ਆਗੂ ਭਾਈ ਨਰਾਇਣ ਸਿੰਘ ਚੌੜਾ ਅਤੇ ਅਕਾਲ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਮਹਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਲਵੰਤ ਸਿੰਘ ਮੁਲਤਾਨੀ ਕੇਸ ਵਿਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਹੋਰ ਗੁਨਾਹਗਾਰਾਂ ਨੂੰ ਗ੍ਰਿਫ਼ਤਾਰ ਅਤੇ ਅਦਾਲਤ ਤੋਂ ਪੁਲਿਸ ਰਿਮਾਂਡ ਲੈ ਕੇ ਇਨਾਂ ਦੀ ਤਫ਼ਤੀਸ਼ ਕੀਤੀ ਜਾਵੇ। ਇਹ ਕਤਲ ਅਤੇ ਗ਼ੈਰ-ਕਨੂੰਨੀ ਕਾਰਵਾਈ ਦਾ ਕੇਸ ਹੋਣ ਕਰ ਕੇ ਦਰਜ ਤਾਜ਼ਾ ਐਫ਼ ਆਈ ਆਰ ਵਿਚ ਧਾਰਾ 302 ਅਤੇ ਗ਼ੈਰ ਕਨੂੰਨੀ ਗਤੀਵਿਧੀਆਂ ਰੋਕੂ ਐਕਟ 1967 ਦੀਆਂ ਬਣਦੀਆਂ ਧਰਾਵਾਂ ਦਾ ਵਾਧਾ ਕਰਨ ਉਪਰੰਤ ਤਫ਼ਤੀਸ਼ ਇਮਾਨਦਾਰ ਪੁਲਿਸ ਅਫ਼ਸਰਾਂ ਦੀ ਸਿੱਟ ਨੂੰ ਸੌਂਪੀ ਜਾਵੇ।
ਉਨ੍ਹਾਂ ਮੁਤਾਬਕ ਦਰਸ਼ਨ ਸਿੰਘ ਸਾਬਕਾ ਆਈ.ਏ.ਐਸ ਦੇ ਬੇਟੇ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਦਾ ਹੀ ਸੁਮੇਧ ਸੈਣੀ ਕਾਤਲ ਨਹੀਂ, ਸਗੋਂ ਹਜ਼ਾਰਾਂ ਹੋਰ ਸਿੱਖ ਗੱਭਰੂਆਂ ਦਾ ਵੀ ਕਾਤਲ ਹੈ, ਜਿਨ੍ਹਾਂ ਨੂੰ ਇਹ ਗ਼ੈਰ ਕਾਨੂੰਨੀ ਹਿਰਾਸਤ ਵਿਚ ਲੈਣ ਉਪਰੰਤ ਤੀਜੇ ਦਰਜੇ ਦੇ ਤਸੇਹੇ ਦੇ ਕੇ ਮੁਕਾਬਲੇ ਦਾ ਡਰਾਮਾ ਰਚ ਕੇ ਮਾਰ ਮੁਕਾਉਂਦਾ ਰਿਹਾ ਹੈ। ਇਸ ਨੇ ਪਹਿਲਾ ਝੂਠਾ ਮੁਕਾਬਲਾ ਰਣਜੀਤ ਸਿੰਘ ਦਿਆਲਪੁਰ, ਮੱਖਣ ਸਿੰਘ ਛਿੱਤ ਅਤੇ ਗੁਰਮੇਜ ਸਿੰਘ ਢਿਲਵਾਂ ਦਾ 1986 ਵਿਚ ਬਣਾਇਆ ਜਦ ਸੁਮੈਧ ਸੈਣੀ ਗੁਰਦਾਸਪੁਰ ਦਾ ਐਸ.ਐਸ.ਪੀ. ਸੀ।
ਸੈਣੀ ਨੇ ਕੈਟ ਪੂਹਲੇ ਨਿਹੰਗ ਰਾਹੀਂ ਵੀ ਅਨੇਕਾਂ ਸਿੱਖ ਨੌਜੁਆਨਾਂ ਦੇ ਕਤਲਾਂ ਦੀ ਸਾਜ਼ਸ਼ ਰਚੀ ਸੀ। ਇਕ ਅਪਾਹਜ਼ ਬੱਚੀ ਸਮੇਤ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਸਾਰੇ ਪਰਵਾਰ ਨੂੰ ਪੂਹਲੇ ਕੋਲੋਂ ਜਿਉਂਦਿਆਂ ਸਾੜ ਕੇ ਮਰਵਾਉਣ ਦਾ ਮੁੱਖ ਸਾਜ਼ਸ਼ਘਾੜਾ ਵੀ ਇਹ ਹੀ ਸੀ। ਪ੍ਰੋਫ਼ੈਸਰ ਰਜਿੰਦਰ ਸਿੰਘ ਬੁਲਾਰਾ ਦਾ ਵੀ ਇਹ ਨਿਰਾ ਕਾਤਲ ਹੀ ਨਹੀਂ ਸੀ, ਸਗੋਂ ਗਵਾਹਾਂ 'ਤੇ ਦਬਾਅ ਪਾ ਕੇ ਉਸ ਕਤਲ ਵਿਚੋਂ ਬਚ ਨਿਕਲਣ ਲਈ ਕਾਨੂੰਨ ਨਾਲ ਖਿਲਵਾੜ ਕਰਨ ਦਾ ਵੀ ਅਪਰਾਧੀ ਹੈ। ਭਾਈ ਜਸਪਾਲ ਸਿੰਘ ਸਿਧਵਾਂ ਚੌੜ ਦਾ ਕਤਲ ਵੀ ਇਸ ਦੇ ਹੁਕਮ 'ਤੇ ਕੀਤਾ ਗਿਆ।
ਕੋਟਕਪੁਰਾ ਅਤੇ ਬਹਿਬਲਕਲਾਂ ਗੋਲੀ ਕਾਂਡ ਵੀ ਇਸੇ ਦੀ ਹੀ ਸਾਜ਼ਿਸ਼ ਸੀ, ਜਿਸ ਵਿਚ ਵਿੱਚ ਸਿੱਖ ਗੱਭਰੂ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਕੀਤੇ ਗਏ। ਲਾਵਾਰਸ ਅਤੇ ਅਣਪਛਾਤੀਆਂ ਲਾਸ਼ਾਂ ਦੇ ਕੇਸ ਦਾ ਕੇਂਦਰ ਬਿੰਦੂ ਸੀ। ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਵਾਰਸਾਂ ਹਵਾਲੇ ਨਾ ਕਰਨ ਦੀ ਵਿਉਂਤਬੰਦੀ ਵੀ ਇਸ ਦੀ ਹੀ ਸੀ। ਅਸਲਾ, ਬਰੂਦ ਤੇ ਹਥਿਆਰ ਪਾ ਕੇ ਪੁਲਿਸ ਪ੍ਰਾਪਤੀ ਵਿਖਾਉਣ ਤੇ ਸਿੱਖਾਂ ਨੂੰ ਝੂਠੇ ਕੇਸਾਂ ਵਿਚ ਜੇਲਾਂ ਵਿਚ ਸੁੱਟਣ ਦੀ ਸਾਜ਼ਿਸ਼ ਇਹ ਅਪਣੀ ਸਰਵਿਸ ਦੇ ਅਖੀਰ ਤਕ ਕਰਦਾ ਰਿਹਾ। ਇਹ ਇੰਨਾ ਕਰੂਰ ਤੇ ਬੇਰਹਿਮ ਪੁਲਿਸ ਅਫ਼ਸਰ ਸੀ ਕਿ ਜਿਸ ਨੇ ਅਪਣੇ ਰਿਸ਼ਤੇਦਾਰ ਵੀ ਜਿਊਂਦੇ ਨਹੀਂ ਛੱਡੇ। ਇਸ ਦੀਆਂ ਧੱਕੇਸ਼ਾਹੀਆਂ ਤੇ ਗ਼ੈਰ ਕਨੂੰਨੀ ਕਾਰਵਾਈਆਂ ਵਿਰੁਧ ਬੋਲਣ ਦੀ ਕਿਸੇ ਕੋਲ ਹਿੰਮਤ ਨਹੀਂ ਸੀ। ਸੈਣੀ ਅਪਣੇ ਅਹੁਦੇ ਦੇ ਪ੍ਰਭਾਵ ਦੀ ਵਰਤੋਂ ਕਰ ਕੇ ਅਤੇ ਬਾਦਲ ਸਰਕਾਰ ਤੇ ਬਾਦਲ ਪਰਵਾਰ ਦੀ ਸਰਪ੍ਰਸਤੀ ਲੈ ਕੇ ਹਮੇਸ਼ਾ ਬਚ ਨਿਕਲਦਾ ਰਿਹਾ ਹੈ। ਜੇ ਹੁਣ ਵੀ ਬਚ ਨਿਕਲਿਆ ਜਾਂ ਕਿਧਰੇ ਭੱਜ ਗਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸਾਂ 'ਚ ਕੁੱਝ ਨਾ ਕਰ ਸਕਣ ਲਈ ਸਵਾਲਾਂ 'ਚ ਘਿਰੀ ਵਰਤਮਾਨ ਪੰਜਾਬ ਸਰਕਾਰ 'ਤੇ ਹੋਰ ਵੀ ਸਵਾਲੀਆ ਚਿੰਨ੍ਹ ਲੱਗ ਜਾਣਗੇ।