
ਜੌਨਪੁਰ ਜ਼ਿਲ੍ਹੇ ਦੇ 1200 ਵਸਨੀਕਾਂ ਨੂੰ ਪਾਣੀ ਅਤੇ ਭੋਜਨ ਦੇ ਕੇ ਡੱਬਿਆਂ 'ਚ ਬਿਠਾਇਆ
ਪਟਿਆਲਾ, 8 ਮਈ (ਤੇਜਿੰਦਰ ਫ਼ਤਿਹਪੁਰ): ਉਤਰ ਪ੍ਰਦੇਸ਼ ਦੇ ਵਸਨੀਕਾਂ ਨੂੰ ਲੈ ਕੇ ਅੱਜ ਸ਼ਾਮ ਦੂਜੀ ਵਿਸ਼ੇਸ਼ ਰੇਲ ਗੱਡੀ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ 'ਤੇ ਅਪਣੀ ਘਰ ਵਾਪਸੀ ਦੇ ਚਾਹਵਾਨ ਯੂ.ਪੀ. ਦੇ ਜੌਨਪੁਰ ਜ਼ਿਲ੍ਹੇ ਦੇ ਕਰੀਬ 1200 ਨਿਵਾਸੀਆਂ ਨੂੰ ਲੈ ਕੇ ਜਾ ਰਹੀ ਇਸ ਗੱਡੀ ਦੇ ਸਵਾਰਾਂ ਨੇ ਵੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਸਮੇਤ ਸਬੰਧਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਤਾਲਮੇਲ ਕਰ ਕੇ ਅਪਣੀ ਘਰ ਵਾਪਸੀ ਦੇ ਚਾਹਵਾਨ ਵਿਅਕਤੀਆਂ ਨੂੰ ਵਾਪਸ ਭੇਜਣ ਦਾ ਬੀੜਾ ਉਠਾਇਆ, ਜਿਸ ਲਈ ਸਾਰਾ ਖ਼ਰਚਾ ਪੰਜਾਬ ਸਰਕਾਰ ਚੁੱਕ ਰਹੀ ਹੈ।
ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਆਜਮਗੜ੍ਹ ਜ਼ਿਲ੍ਹੇ ਦੇ ਵਸਨੀਕਾਂ ਨੂੰ ਰਵਾਨਾ ਕੀਤਾ ਗਿਆ ਸੀ। ਜਦੋਂਕਿ ਜੰਮੂ ਕਸ਼ਮੀਰ ਤੇ ਰਾਜਸਥਾਨ ਦੇ ਵਸਨੀਕਾਂ ਨੂੰ ਵੀ ਭੇਜਿਆ ਜਾ ਚੁੱਕਾ ਹੈ ਅਤੇ ਅਗਲੇ ਦਿਨਾਂ 'ਚ ਯੂ.ਪੀ. ਸਮੇਤ ਬਿਹਾਰ ਦੇ
ਹੋਰਨਾਂ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਵੀ ਪੰਜਾਬ ਸਰਕਾਰ ਵਲੋਂ ਅਪਣੇ ਖ਼ਰਚੇ 'ਤੇ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਰਵਾਨਾ ਕੀਤਾ ਜਾਵੇਗਾ।
ਇੱਥੇ ਰੇਲਵੇ ਸਟੇਸ਼ਨ ਵਿਖੇ ਇਨ੍ਹਾਂ ਯੂ.ਪੀ. ਆਪਣੇ ਘਰਾਂ ਜਾਣ ਦੇ ਚਾਹਵਾਨ ਵਿਅਕਤੀਆਂ, ਜਿਨ੍ਹਾਂ 'ਚ ਬੱਚੇ, ਬੁੱਢੇ, ਜਵਾਨ ਮਰਦ ਤੇ ਔਰਤਾਂ ਸ਼ਾਮਲ ਸਨ, ਦੀ ਸਮਾਜਕ ਦੂਰੀ ਦਾ ਧਿਆਨ ਰੱਖਦਿਆਂ ਪੂਰੇ ਇਹਤਿਆਤ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੈਡੀਕਲ ਸਕਰੀਨਿੰਗ ਕੀਤੀ ਗਈ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਨਾਲ ਦੀ ਨਾਲ ਟਿਕਟਾਂ ਸਮੇਤ ਪਾਣੀ ਦੀਆਂ ਬੋਤਲਾਂ ਅਤੇ ਖਾਣ ਪੀਣ ਦੀਆਂ ਵਸਤਾਂ ਤੇ ਬਿਸਕੁਟ ਆਦਿ ਮੁਹੱਈਆ ਕਰਵਾਏ ਗਏ। ਇਨ੍ਹਾਂ ਦੀ ਪੂਰੀ ਮੁਕੰਮਲ ਸੂਚੀ ਜੌਨਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਭੇਜੀ ਗਈ। ਇਨ੍ਹਾਂ ਵਿਅਕਤੀਆਂ ਨੇ ਅਪਣੇ ਘਰ ਜਾਣ ਦੀ ਖੁਸ਼ੀ 'ਚ ਵਾਰ-ਵਾਰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਨਵਾਦ ਕੀਤਾ।
ਇਸ ਮੌਕੇ ਪ੍ਰਬੰਧਾਂ ਦੀ ਦੇਖ ਰੇਖ ਖ਼ੁਦ ਕਰ ਰਹੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੇ ਨਾਲ ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ. ਸ੍ਰੀ ਸ਼ੌਕਤ ਅਹਿਮਦ ਪਰੈ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ ਤੇ ਇਨਾਇਤ ਗੁਪਤਾ, ਸੰਯੁਕਤ ਕਮਿਸ਼ਨਰ ਅਵਿਕੇਸ਼ ਗੁਪਤਾ, ਲਾਲ ਵਿਸ਼ਵਾਸ਼, ਡੀ.ਐਸ.ਪੀ. ਸਥਾਨਕ ਪੁਨੀਤ ਸਿੰਘ ਚਹਿਲ, ਜਗਨੂਰ ਸਿੰਘ ਗਰੇਵਾਲ ਤੇ ਜਸਲੀਨ ਕੌਰ, ਸਟੇਸ਼ਨ ਸੁਪਰਡੈਂਟ ਅਜੀਤ ਸਿੰਘ ਚੀਮਾ, ਤਹਿਸੀਲਦਾਰ ਰਣਜੀਤ ਸਿੰਘ, ਨਾਇਬ ਤਹਿਸਲੀਦਾਰ ਪਰਮਜੀਤ ਜਿੰਦਲ ਸਮੇਤ ਸਿਹਤ ਵਿਭਾਗ ਦੇ ਮੈਡੀਕਲ ਅਫ਼ਸਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।