
ਪਿਛਲੇ ਦੋ ਦਹਾਕੇ ਵਿਚ ਨਵੇਂ ਬਣੇ ਜ਼ਿਲ੍ਹਿਆਂ ਵਿਚ ਆਈਸੀਯੂ ਬੈੱਡ ਦੂਜੇ ਪੁਰਾਣੇ ਜ਼ਿਲ੍ਹਿਆਂ ਦੇ ਮੁਕਾਬਲੇ ਕਾਫ਼ੀ ਘੱਟ ਹਨ
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ) : ਇਕ ਪਾਸੇ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਸਿਹਤ ਢਾਂਚਾ ਬੌਨਾ ਪੈਂਦਾ ਨਜ਼ਰ ਆ ਰਿਹਾ ਹੈ। ਸੂਬੇ ਵਿਚ ਹਾਲਾਂਕਿ ਸਰਕਾਰੀ ਤੌਰ ’ਤੇ ਆਕਸੀਜਨ ਬੈੱਡਾਂ ਦੀ ਗਿਣਤੀ 3666 ਹੈ ਤੇ ਕੁਲ ਆਈਸੀਯੂ ਬੈੱਡ 862 ਹਨ ਪਰ ਫੇਰ ਵੀ ਛੇ ਜ਼ਿਲ੍ਹੇ ਅਜਿਹੇ ਹਨ, ਜਿਥੇ ਆਈਸੀਯੂ ਬੈੱਡ ਹੈ ਹੀ ਨਹੀਂ। ਅਜਿਹੇ ਜ਼ਿਲ੍ਹੇ ਸੱਤ ਸੀ ਪਰ ਇਕ ਜ਼ਿਲ੍ਹੇ ਵਿਚ ਸਰਕਾਰ ਨੇ ਦੋ ਆਈਸੀਯੂ ਬੈੱਡਾਂ ਦਾ ਪ੍ਰਬੰਧ ਕਰ ਦਿਤਾ ਹੈ।
corona virus
ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਛੇ ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿਚ ਆਈਸੀਯੂ ਬੈਡ ਨਹੀਂ ਹਨ, ਉਨ੍ਹਾਂ ਵਿਚ ਦੋ ਜ਼ਿਲ੍ਹੇ ਅਜਿਹੇ ਹਨ, ਜਿਹੜੇ ਕਾਫ਼ੀ ਪੁਰਾਣੇ ਹਨ, ਜਿਸ ਤੋਂ ਪਤਾ ਚਲਦਾ ਹੈ ਕਿ ਗੰਭੀਰ ਹਾਲਾਤ ਵਿਚ ਨਿਪਟਣ ਲਈ ਸਰਕਾਰਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਸਿਹਤ ਸਹੂਲਤਾਂ ਪ੍ਰਤੀ ਧਿਆਨ ਹੀ ਨਹੀਂ ਦਿਤਾ। ਸਰਕਾਰ ਦੇ ਸਹਿਯੋਗ ਲਈ ਨਿਜੀ ਹਸਪਤਾਲ ਹਾਲਾਂਕਿ ਤਿਆਰ ਰਹਿੰਦੇ ਹਨ ਤੇ ਨਿਜੀ ਹਸਪਤਾਲਾਂ ਵਿਚ ਆਕਸੀਜਨ ਬੈੱਡਾਂ ਦੀ ਗਿਣਤੀ 5708 ਅਤੇ ਆਈਸੀਯੂ ਬੈੱਡਾਂ ਦੀ ਗਿਣਤੀ 1880 ਹੈ।
ICU Bed
ਜਾਣਕਾਰੀ ਮੁਤਾਬਕ ਸਰਕਾਰ ਦੇ ਹਸਪਤਾਲਾਂ ਵਿਚ ਜਿਲ੍ਹਾ ਵਾਰ ਆਈਸੀਯੂ ਬੈਡਾਂ ਦੀ ਸਥਿਤੀ ਇਹ ਹੈ ਕਿ ਬਰਨਾਲਾ, ਸੰਗਰੂਰ, ਰੋਪੜ, ਮਾਨਸਾ, ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲਾਂ ਵਿਚ ਇਹ ਸਹੂਲਤ ਹੈ ਹੀ ਨਹੀਂ। ਦੂਜੇ ਪਾਸੇ ਅੰਮ੍ਰਿਤਸਰ ’ਚ 482, ਬਠਿੰਡਾ 158, ਫ਼ਰੀਦਕੋਟ 272, ਫ਼ਤਿਹਗੜ੍ਹ ਸਾਹਿਬ 2, ਫ਼ਿਰੋਜ਼ਪੁਰ 14, ਗੁਰਦਾਸਪੁਰ 4, ਹੁਸ਼ਿਆਰਪੁਰ 28, ਜਲੰਧਰ 476, ਕਪੂਰਥਲਾ 7, ਲੁਧਿਆਣਾ 545, ਮੋਗਾ 5, ਪਠਾਨਕੋਟ 62, ਪਟਿਆਲਾ 316, ਮੁਹਾਲੀ 332, ਸ਼ਹੀਦ ਭਗਤ ਸਿੰਘ ਨਗਰ 19 ਅਤੇ ਤਰਨਤਾਰਨ 20 ਆਈਸੀਯੂ ਬੈੱਡ ਹਨ।
ICU Bed
ਜ਼ਿਕਰਯੋਗ ਹੈ ਕਿ ਪਿਛਲੇ ਦੋ ਦਹਾਕੇ ਵਿਚ ਨਵੇਂ ਬਣੇ ਜ਼ਿਲ੍ਹਿਆਂ ਵਿਚ ਆਈਸੀਯੂ ਬੈੱਡ ਦੂਜੇ ਪੁਰਾਣੇ ਜ਼ਿਲ੍ਹਿਆਂ ਦੇ ਮੁਕਾਬਲੇ ਕਾਫ਼ੀ ਘੱਟ ਹਨ। ਇਸ ਵੇਲੇ ਕੋਰੋਨਾ ਮਹਾਂਮਾਰੀ ਕਾਰਨ ਹਸਪਤਾਲਾਂ ’ਚ ਭੀੜ ਲੱਗੀ ਹੋਈ ਹੈ ਤੇ ਜਿਨ੍ਹਾਂ ਜ਼ਿਲ੍ਹਿਆਂ ਵਿਚ ਸਰਕਾਰੀ ਹਸਪਤਾਲਾਂ ’ਚ ਆਈਸੀਯੂ ਬੈੱਡ ਨਹੀਂ ਹਨ, ਉਨ੍ਹਾਂ ਨੂੰ ਲਾਗਲੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ’ਚ ਆਈਸੀਯੂ ਸਹੂਲਤ ਲਈ ਭੇਜਿਆ ਜਾ ਰਿਹਾ ਹੈ ਪਰ ਸਥਿਤੀ ਇਹ ਵੀ ਹੈ ਕਿ ਬਹੁਤੇ ਜ਼ਿਲ੍ਹਿਆਂ ਵਿਚ ਆਈਸੀਯੂ ਬੈੱਡ ਪੂਰੇ-ਪੂਰੇ ਪੈ ਰਹੇ ਹਨ।
ICU Bed