
ਲਗਾਤਾਰ ਚੌਥੇ ਦਿਨ ਵਧੀਆਂ ਪਟਰੌਲ-ਡੀਜ਼ਲ ਦੀਆਂ ਕੀਮਤਾਂ
ਰਾਸਥਾਨ ਤੇ ਮੱਧ ਪ੍ਰਦੇਸ਼ ਵਿਚ ਪਟਰੌਲ 102 ਰੁਪਏ 'ਤੇ ਪੁੱਜਾ
ਨਵੀਂ ਦਿੱਲੀ, 7 ਮਈ : ਰਾਜਥਾਨ ਅਤੇ ਮੱਧ ਪ੍ਰਦੇਸ਼ ਦੇ ਕੁੱਝ ਹਿਸਿਆਂ ਵਿਚ ਪਟਰੌਲ ਦੀ ਕੀਮਤ 102 ਰੁਪਏ ਪ੍ਰਤੀ ਲੀਟਰ ਦੀ ਉਚਾਈ ਤਕ ਪਹੁੰਚ ਚੁਕੀ ਹੈ | ਤੇਲ ਕੰਪਨੀਆਂ ਦੇ ਲਗਾਤਾਰ ਚੌਥੇ ਦਿਨ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਧਾਏ ਜਾਣ ਨਾਲ ਇਹ ਸਥਿਤੀ ਬਣੀ ਹੈ | ਹਾਲਾਂਕਿ, ਇਸ ਤੋਂ ਪਹਿਲਾਂ ਪੰਜ ਸੂਬਿਆਂ ਵਿਚ ਜਾਰੀ ਵਿਧਾਨਸਭਾ ਚੋਣਾਂ ਦੌਰਾਨ ਦੋ ਹਫ਼ਤੇ ਤੋਂ ਜ਼ਿਆਦਾ ਸਮੇਂ ਤਕ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਸੀ ਕੀਤਾ ਗਿਆ |
ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਵਲੋਂ ਜਾਰੀ ਸੂਚਨਾ ਮੁਤਾਬਕ ਸ਼ੁਕਰਵਾਰ ਨੂੰ ਪਟਰੌਲ ਦੀ ਕੀਮਤ ਵਿਚ 29 ਪੈਸੇ ਅਤੇ ਡੀਜ਼ਲ ਵਿਚ 31 ਪੈਸੇ ਦਾ ਤੇਜ਼ ਵਾਧਾ ਕੀਤਾ ਗਿਆ | ਇਸ ਵਾਧੇ ਤੋਂ ਬਾਅਦ ਦਿੱਲੀ ਵਿਚ ਪਟਰੌਲ ਦਾ ਮੁੱਲ 91.27 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 81.73 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ | ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿਚ ਇਸ ਵਾਧੇ ਨਾਲ ਪਟਰੌਲ ਦਾ ਮੁੱਲ 102.15 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ | ਤੇਲ ਕੰਪਨੀਆਂ ਦੇ ਮੁੱਲ ਚਾਰਟ ਵਿਚ ਇਹ ਦਰਸਾਇਆ ਗਿਆ ਹੈ | ਉਥੇ ਹੀ ਮੱਧ ਪ੍ਰਦੇਸ਼ ਦੇ ਅਨੂਪਪੁਰ ਵਿਚ ਪਟਰੌਲ ਦਾ ਮੁੱਲ 101.86 ਰੁਪਏ ਪ੍ਰਤੀ ਲੀਟਰ ਹੋ ਗਿਆ ਜਦੋਂਕਿ ਮਹਾਂਰਾਸ਼ਟਰ ਦੇ ਪਰਭਨੀ ਵਿਚ ਇਹ 99.95 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਚੁਕਿਆ ਹੈ | ਇਸ ਸਾਲ ਵਿਚ ਇਹ ਦੂਜਾ ਮੌਕਾ ਹੈ ਜਦੋਂ ਦੇਸ਼ ਦੇ ਕੁੱਝ ਹਿਸਿਆਂ ਵਿਚ ਤੇਲ ਦਾ ਮੁੱਲ 100 ਰੁਪਏ ਤੋਂ ਪਾਰ ਲੰਘਿਆ ਹੈ | ਇਸ ਤੋਂ ਪਹਿਲਾਂ ਫ਼ਰਵਰੀ ਵਿਚ ਪਟਰੌਲ ਦਾ ਮੁੱਲ ਇਸ ਅੰਕੜੇ ਤੋਂ ਉਪਰ ਚਲਾ ਗਿਆ ਸੀ | (ਪੀਟੀਆਈ)