
ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਦਾ ਕਾਫ਼ਲਾ ਦਿੱਲੀ ਦੀ ਸਿੰਘੂ ਅਤੇ ਕੁੰਡਲੀ ਸਰਹੱਦ ’ਤੇ ਪੁੱਜਾ : ਪੰਧੇਰ
ਅੰਮ੍ਰਿਤਸਰ/ਟਾਂਗਰਾ, 7 ਮਈ (ਸੁਰਜੀਤ ਸਿੰਘ ਖ਼ਾਲਸਾ) : ਕੋਰੋਨਾ ਦੀ ਆੜ ਹੇਠ ਕੇਂਦਰ ਅਤੇ ਪੰਜਾਬ ਸਰਕਾਰ ਤਾਲਾਬੰਦੀ ਲਗਾ ਕੇ ਕਿਸਾਨ ਸੰਘਰਸ਼ ਨੂੰ ਖ਼ਤਮ ਕਰਨ ਦੀ ਮਨਸ਼ਾ ਬਣਾ ਕੇ ਬੈਠੀਆਂ ਹਨ। ਪਰ ਲੋਕਾਂ ਵਿਚ ਕਿੰਨਾ ਵੱਡਾ ਉਤਸ਼ਾਹ ਹੈ ਕਿ ਅੰਮ੍ਰਿਤਸਰ ਤੋਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਅਤੇ ਨੌਜਵਾਨਾਂ ਦਾ ਇਕ ਵਿਸ਼ਾਲ ਕਾਫ਼ਲਾ ਦਿੱਲੀ ਪਹੁੰਚਿਆ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ. ਸਰਵਣ ਸਿੰਘ ਪੰਧੇਰ ਸੂਬਾ ਜਰਨਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਮੁੱਖ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰ ਬਾਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਪੰਜਾਬ ਵਿਚ ਕੈਪਟਨ ਦੀ ਸਰਕਾਰ ਦੇ ਮੰਤਰੀਆਂ ਵਲੋਂ ਅਜਿਹੇ ਬਿਆਨ ਦਾਗਣੇ ਕਿ ਕਿਸਾਨੀ ਸੰਘਰਸ਼ ਵਿਚ ਬੀਬੀਆਂ ਬੱਚਿਆਂ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ ਅਸਿੱਧੇ ਤੌਰ ’ਤੇ ਕੇਂਦਰ ਦੀ ਮੋਦੀ ਸਰਕਾਰ ਦੀ ਬੋਲੀ ਬੋਲਣ ਵਾਲੀ ਗੱਲ ਹੈ।
ਕਿਸਾਨ ਅੰਦੋਲਨ ਦੇ ਹੱਕ ਵਿਚ ਮੱਤਦਾਨ ਕਰਦਿਆਂ ਪਛਮੀ ਬੰਗਾਲ ਵਿਚ ਕਿਸਾਨਾਂ ਨੇ ਮੋਦੀ ਸਰਕਾਰ ਵਿਰੁਧ ਫ਼ਤਵਾ ਦਿਤਾ ਹੈ। ਉਤਰ ਪ੍ਰਦੇਸ਼ ਤੇ ਬਿਹਾਰ ਵਰਗੇ ਸੂਬਿਆਂ ਦੀ ਵਿਧਾਨ ਸਭਾ ਚੋਣਾਂ ਵਿਚ ਵੀ ਸਫ਼ਾਇਆ ਹੋਣਾ ਤੈਅ ਹੈ।
ਆਗੂਆਂ ਨੇ ਕਿਹਾ ਕਿ ਦਿੱਲੀ ਮੋਰਚੇ ਵਿਚ ਕਲ ਰਾਤ ਹਨੇਰੀ ਝੱਖੜ ਨਾਲ ਮੁੱਖ ਪੰਡਾਲਾਂ ਦੀਆਂ ਛੱਤਾਂ ਉਡ ਗਈਆਂ ਹਨ, ਰੈਣ ਬਸੇਰਿਆਂ ਦੀਆਂ ਤਿਰਪਾਲਾਂ ਪਾਟ ਗਈਆਂ, ਮੀਂਹ ਦੇ ਪਾਣੀ ਆਉਣ ਦੇ ਬਾਵਜੂਦ ਇੰਨੀਆਂ ਦੁਸ਼ਵਾਰੀਆਂ ਵਿਚ ਵੀ ਮੋਰਚੇ ਵਿਚ ਬੈਠੇ ਲੋਕਾਂ ਦੇ ਹੌਂਸਲੇ ਬੁਲੰਦ ਹਨ। ਕੇਂਦਰ ਦੀ ਮੋਦੀ ਸਰਕਾਰ ਕੋਰੋਨਾ ਕਾਲ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿਚ ਬਿਲਕੁਲ ਨਕਾਮ ਰਹੀ ਹੈ। ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਸ਼ਹਿਰਾਂ ਕਸਬਿਆਂ ਪਿੰਡਾਂ ਵਿਚ ਇਸ ਤਾਲਾਬੰਦੀ ਵਿਰੋਧੀ ਮੁਜ਼ਾਹਰੇ ਕੀਤੇ ਜਾਣ।
ਕਿਸਾਨ-ਮਜ਼ਦੂਰ ਇਕਜੁਟਤਾ ਦੇ ਨਾਲ ਦੁਕਾਨਦਾਰ ਭਰਾਵਾਂ ਦਾ ਸਾਥ ਦੇਣ। ਕਿਸਾਨ ਅੰਦੋਲਨ ਦਿੱਲੀ ਦੇ ਮੋਰਚੇ ਵਿਚ ਵੀ ਵੱਧ ਤੋਂ ਵੱਧ ਗਿਣਤੀ ਵਿਚ ਹਾਜ਼ਰੀਆਂ ਭਰੋ। ਕਿਸਾਨਾਂ-ਮਜ਼ਦੂਰਾਂ ਦੀਆਂ ਸਮੁੱਚੀਆਂ ਮੰਗਾਂ ਦੀ ਪੂਰਤੀ ਲਈ ਇਹ ਅੰਦੋਲਨ ਚੜ੍ਹਦੀ ਕਲਾ ਵਿਚ ਹੈ ਅਤੇ ਇਸੇ ਤਰਾਂ ਰਹੇਗਾ। ਇਸ ਸਮੇਂ ਪ੍ਰਮੁਖ ਆਗੂ ਸੁਖਵਿੰਦਰ ਸਿੰਘ ਵਰਿਆਮ ਨੰਗਲ, ਜਰਮਨਜੀਤ ਸਿੰਘ ਬੰਡਾਲਾ, ਸਕੱਤਰ ਸਿੰਘ ਕੋਟਲਾ ਆਦਿ ਹਾਜ਼ਰ ਸਨ।
ਫ਼ਾਈਲ ਨੰ. 2
ਫੋਟੋ ਕੈਪਸ਼ਨ-ਕਿਸਾਨ ਮਜਦੂਰ ਸ਼ੰਘਰਸ਼ ਕਮੇਟੀ ਦੀ ਅਗਵਾਈ ਹੇਠ ਲੋਕਾਂ ਦਾ ਵਿਸ਼ਾਲ ਇਕੱਠ।