
ਔਰਤ ਦੇ ਗਰਭ 'ਚ ਪਲ ਰਹੇ ਬੱਚੇ ਦੀ ਵੀ ਹੋਈ ਮੌਤ
ਮਲੇਰਕੋਟਲਾ : ਮਲੇਰਕੋਟਲਾ ਚ ਅੱਜ ਸਵੇਰੇ 10 ਵਜੇ ਦੇ ਕਰੀਬ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ 'ਤੇ ਜਾ ਰਹੇ ਪਤੀ-ਪਤਨੀ ਨੂੰ ਟਿੱਪਰ ਨੇ ਟੱਕਰ ਮਾਰ ਦਿਤੀ। ਇਸ ਹਾਦਸੇ 'ਚ ਗਰਭਵਤੀ ਔਰਤ ਆਸਮਾਂ ਦੀ ਦਰਦਨਾਕ ਮੌਤ ਹੋ ਗਈ, ਇਸ ਦੇ ਨਾਲ ਹੀ ਉਸਦੇ ਪੇਟ ‘ਚ ਪਲ ਰਹੇ ਕਰੀਬ 8 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਲਾ ਰਹੇ ਉਕਤ ਮ੍ਰਿਤਕ ਔਰਤ ਦਾ ਪਤੀ ਸਲਾਮਦੀਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।
ਘਟਨਾ ਦਾ ਪਤਾ ਲੱਗਦਿਆਂ ਹੀ ਤੁਰੰਤ ਮੌਕੇ ‘ਤੇ ਪੁੱਜੇ ਪਿੰਡ ਵਾਸੀਆਂ ਅਤੇ ਸਬੰਧੀਆਂ ਸਮੇਤ ਹੋਰ ਲੋਕਾਂ ਨੇ ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਸਥਾਨਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਗਰਭਵਤੀ ਔਰਤ ਆਸਮਾਂ ਅਤੇ ਉਸ ਦੇ ਪੇਟ 'ਚ ਪਲ ਰਹੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੇ ਪਤੀ ਸਲਾਮਦੀਨ ਦੀਆਂ ਲੱਤਾਂ-ਬਾਹਾਂ ਬੁਰੀ ਤਰ੍ਹਾਂ ਕੁਚਲੀਆਂ ਜਾਣ ਕਾਰਨ ਉਸਦਾ ਹਜ਼ਰਤ ਹਲੀਮਾਂ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਨੇੜਲੇ ਪਿੰਡ ਬਿੰਜੋਕੀ ਕਲਾਂ ਦਾ ਵਸਨੀਕ ਮੁਹੰਮਦ ਸਲਾਮਦੀਨ ਅੱਜ ਸਵੇਰੇ ਆਪਣੀ ਗਰਭਵਤੀ ਪਤਨੀ ਆਸਮਾਂ (ਕਰੀਬ 30) ਦਾ ਡਾਕਟਰੀ ਚੈਕਅੱਪ ਕਰਵਾਉਣ ਲਈ ਮੋਟਰਸਾਇਕਲ 'ਤੇ ਸਵਾਰ ਹੋ ਕੇ ਮਲੇਰਕੋਟਲਾ ਸ਼ਹਿਰ ਨੂੰ ਆ ਰਿਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਟਿੱਪਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਚ ਗਰਭਵਤੀ ਔਰਤ ਤੇ ਉਸ ਦੇ ਪੇਟ 'ਚ ਪਲ ਰਹੇ ਬੱਚੇ ਦੀ ਮੌਤ ਹੋ ਗਈ ਜਦਕਿ ਔਰਤ ਦਾ ਪਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।