
ਕਪੂਰਥਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਐਡਵੋਕੇਟ ਅਜੇ ਕੁਮਾਰ ਦਾ ਮੋਬਾਈਲ ਫ਼ੋਨ ਹੈਕ ਕਰਕੇ 1.33 ਲੱਖ ਰੁਪਏ ਦੀ ਮਾਰੀ ਠੱਗੀ
Kapurthala News : ਕਪੂਰਥਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਐਡਵੋਕੇਟ ਅਜੇ ਕੁਮਾਰ ਦਾ ਮੋਬਾਈਲ ਫ਼ੋਨ ਹੈਕ ਕਰਕੇ 1.33 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਕ ਔਰਤ ਸਮੇਤ ਦੋ ਦੋਸ਼ੀਆਂ ਖਿਲਾਫ FIR ਦਰਜ ਕਰ ਲਿਆ ਹੈ। ਹਾਲਾਂਕਿ ਇਹ ਠੱਗੀ 6 ਮਹੀਨੇ ਪਹਿਲਾਂ ਹੋਈ ਸੀ।
ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਉਸ ਮਹਿਲਾ ਨੂੰ ਨਾਮਜ਼ਦ ਕੀਤਾ ਹੈ , ਜਿਸ ਦੇ ਬੈਂਕ ਖਾਤੇ ਵਿੱਚ ਲੱਖਾਂ ਰੁਪਏ ਟਰਾਂਸਫਰ ਹੋਏ ਸਨ। ਇਸ ਦੀ ਪੁਸ਼ਟੀ ਕਰਦਿਆਂ ਤਫ਼ਤੀਸ਼ੀ ਅਫ਼ਸਰ ਤਤਕਾਲੀ ਐਸਐਚਓ ਸਿਟੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਧੋਖਾਧੜੀ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਗਠਿਤ ਟੀਮ ਨੂੰ ਹੁਕਮ ਦੇ ਦਿੱਤੇ ਗਏ ਹਨ।
ਦੱਸ ਦੇਈਏ ਕਿ ਪੀੜਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਐਡਵੋਕੇਟ ਅਜੇ ਕੁਮਾਰ ਨੇ 8 ਨਵੰਬਰ 2023 ਨੂੰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ 8 ਨਵੰਬਰ ਨੂੰ ਸਵੇਰੇ ਉਨ੍ਹਾਂ ਨੂੰ ਇੱਕ ਅਣਪਛਾਤੇ ਵਿਅਕਤੀ ਦਾ ਫ਼ੋਨ ਆਇਆ, ਜਿਸ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਹੈਕ ਹੋ ਗਿਆ। ਕੁਝ ਸਮੇਂ ਬਾਅਦ ਬੈਂਕ ਆਫ ਬੜੌਦਾ ਦੀ ਬ੍ਰਾਂਚ ਮਾਈ ਹੀਰਾ ਗੇਟ ਜਲੰਧਰ ਦੇ ਖਾਤੇ 'ਚੋਂ ਪੈਸੇ ਨਿਕਲਣ ਦੇ ਮੈਸੇਜ ਆਏ।
ਜਿਸ ਵਿੱਚ ਸਵੇਰੇ 8:38 ਵਜੇ ਇੱਕ ਮੈਸੇਜ ਆਇਆ ਕਿ ਉਸਦੇ ਖਾਤੇ ਵਿੱਚੋਂ 99 ਹਜ਼ਾਰ 999 ਰੁਪਏ ਡੈਬਿਟ ਹੋ ਗਏ ਹਨ। ਫਿਰ ਕੁਝ ਹੀ ਮਿੰਟਾਂ ਬਾਅਦ ਉਸ ਦੇ ਮੋਬਾਈਲ 'ਤੇ ਇੰਡੀਅਨ ਓਵਰ-ਸੀਜ਼ ਬੈਂਕ ਰੇਲਵੇ ਰੋਡ ਕਪੂਰਥਲਾ ਤੋਂ ਵੀ 33 ਹਜ਼ਾਰ ਰੁਪਏ ਡੈਬਿਟ ਹੋਣ ਦਾ ਮੈਸੇਜ ਆਇਆ। ਫਿਰ 8.44 ਵਜੇ 749 ਰੁਪਏ ਦਾ ਇੱਕ ਹੋਰ ਮੈਸੇਜ ਆਇਆ। ਇਸ ਤਰ੍ਹਾਂ ਫੋਨ ਕਰਨ ਵਾਲੇ ਨੇ ਉਸ ਨਾਲ 1 ਲੱਖ, 33 ਹਜ਼ਾਰ, 748 ਰੁਪਏ ਦੀ ਠੱਗੀ ਮਾਰੀ ਹੈ।
ਗ੍ਰਿਫਤਾਰੀ ਲਈ ਟੀਮ ਦਾ ਗਠਨ
ਦੂਜੇ ਪਾਸੇ ਪੀੜਤ ਵਕੀਲ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਖਾਤਾਧਾਰਕ ਮਹਿਲਾ ਸ਼ਾਹਬਾਨੂ ਖਾਤੂਨ ਵਾਸੀ ਬਿਹਾਰ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਂਚ ਅਧਿਕਾਰੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰਨ ਲਈ ਬਣਾਈ ਗਈ ਟੀਮ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ।