
ਕਾਂਗਰਸੀ ਵਿਧਾਇਕਾਂ ਨੇ ਜਥੇਦਾਰ ਦੇ ਬਿਆਨ ਨੂੰ ਲੈ ਕੇ ਬਾਦਲਾਂ ਨੂੰ ਘੇਰਿਆ
ਅੰਮ੍ਰਿਤਸਰ, 7 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਂਵਾਲ ਵਲੋਂ ਖ਼ਾਲਿਸਤਾਨ ਦੀ ਮੰਗ ਸਬੰਧੀ ਦਿਤੇ ਬਿਆਨਾਂ ਉਤੇ ਸਖ਼ਤ ਇਤਰਾਜ਼ ਕਰਦੇ ਹੋਏ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ, ਵਿਧਾਇਕ ਸੁਨੀਲ ਦੱਤੀ ਅਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਸਾਂਝੇ ਰੂਪ ਵਿਚ ਜਾਰੀ ਕੀਤੇ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਕਈ ਸਵਾਲਾਂ ਦੇ ਜਵਾਬ ਮੰਗੇ ਹਨ।
File Photo
ਕਾਂਗਰਸੀ ਆਗੁਆਂ ਨੇ ਕਿਹਾ ਕਿ ਦੋਵਾਂ ਪੰਥਕ ਹਸਤੀਆਂ ਵਲੋਂ ਦਿਤੇ ਬਿਆਨਾਂ ਉਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਕੀ ਵਿਚਾਰ ਹਨ, ਇਹ ਵੀ ਸਪੱਸ਼ਟ ਹੋਣੇ ਚਾਹੀਦੇ ਹਨ ਤਾਕਿ ਇਹ ਪਤਾ ਲਗ ਸਕੇ ਕਿ ਬਾਦਲ ਪ੍ਰਵਾਰ ਇਸ ਮੁੱਦ ਉਤੇ ਕੀ ਵਿਚਾਰਧਾਰਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਸੰਵਿਧਾਨਕ ਸੰਸਥਾ ਹੈ ਅਤੇ ਸੰਵਿਧਾਨ ਤਹਿਤ ਹੀ ਕੰਮ ਕਰਦੀ ਹੈ।
File Photo
ਜਥੇਦਾਰ ਨੇ ਜਨਤਕ ਰੂਪ ਵਿਚ ਖ਼ਾਲਿਸਤਾਨ ਦੀ ਮੰਗ ਦਾ ਸਮਰਥਨ ਕੀਤਾ ਹੈ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ਾਰਤ ਵਿਚ ਪੰਜਾਬੀਆਂ ਦੇ ਇਕ-ਮਾਤਰ ਪ੍ਰਤੀਨਿਧ ਹੋਣ ਦੇ ਨਾਤੇ ਕੀ ਕੇਂਦਰੀ ਮੰਤਰੀ ਮੰਡਲ ਵਿਚ ਇਸ ਮੰਗ ਦਾ ਮਤਾ ਰੱਖਣਗੇ, ਇਸ ਬਾਰੇ ਜ਼ਰੂਰ ਸਪੱਸ਼ਟ ਕਰਨ। ਵਿਧਾਇਕਾਂ ਨੇ ਕਿਹਾ ਕਿ ਜਥੇਦਾਰ ਨੇ ਆਖਿਆ ਹੈ ਕਿ ਵਰਤਮਾਨ ਭਾਰਤ ਸਰਕਾਰ ਸਿੱਖ ਵਿਰੋਧੀ ਨਜ਼ਰੀਆ ਰਖਦੀ ਹੈ। ਕੀ ਬੀਬਾ ਹਰਸਿਮਰਤ ਕੌਰ ਬਾਦਲ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣਗੇ?
File Photo
ਇਸੇ ਤਰ੍ਹਾਂ ਕੀ ਸੁਖਬੀਰ ਸਿੰਘ ਬਾਦਲ ਜੋ ਕਿ ਅਕਾਲੀ ਦਲ ਦੇ ਪ੍ਰਧਾਨ ਹਨ, ਵੀ ਸਿੱਖ ਵਿਰੋਧੀ ਨਜ਼ਰੀਆ ਰੱਖਣ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨਾਲੋਂ ਤੋੜ-ਵਿਛੋੜਾ ਕਰਨਗੇ? ਉਨ੍ਹਾਂ ਕਿਹਾ ਕਿ ਇਹ ਸਵਾਲ ਸਮੇਂ ਦੀ ਮੰਗ ਹਨ ਅਤੇ ਬਾਦਲ ਜੋੜੀ ਨੂੰ ਉਕਤ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖੀਬਰ ਸਿੰਘ ਬਾਦਲ ਲਗਾਤਾਰ ਕਾਂਗਰਸ ਸਰਕਾਰ ਉਤੇ ਸਿੱਖ ਵਿਰੋਧੀ ਨੀਤੀਆਂ ਅਪਨਾਉਣ ਦਾ ਬੇਬੁਨਿਆਦ ਦੋਸ਼ ਲਗਾਉਂਦੇ ਰਹਿੰਦੇ ਹਨ, ਜਦਕਿ ਹੁਣ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੇਂਦਰ ਸਰਕਾਰ ਉਤੇ ਸਿੱਖ ਵਿਰੋਧੀ ਹੋਣ ਦੀ ਗੱਲ ਕੀਤੀ ਹੈ, ਅਜਿਹੇ ਵਿਚ ਕੀ ਸ਼੍ਰੋਮਣੀ ਅਕਾਲੀ ਦਲ ਅਜੇ ਵੀ ਭਾਜਪਾ ਨਾਲ ਅਪਣੀ ਸਾਂਝ ਪਾਈ ਰੱਖੇਗਾ?