
ਭਾਜਪਾ-ਅਕਾਲੀ ਦਲ ਤੇ ਕਾਂਗਰਸ ਵਿਰੁਧ ਪੁਤਲੇ ਫੂਕ ਰੋਸ ਮੁਜ਼ਾਹਰੇ ਕਰਨ ਦਾ ਕੀਤਾ ਐਲਾਨ
ਫ਼ਿਰੋਜ਼ਪੁਰ, 8 ਜੂਨ (ਸੁਭਾਸ਼ ਕੱਕੜ): ਇਕ ਦੇਸ਼ ਇਕ ਮੰਡੀ ਬਣਾਉਣ ਲਈ ਸਾਮਰਾਜੀ ਉਦਾਰੀਕਰਨ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਦਿਆਂ ਭਾਜਪਾ ਗੱਠਜੋੜ ਸਰਕਾਰ ਨੇ ਖੇਤੀ ਉਤਪਾਦਨ ਵਣਜ ਵਪਾਰ ਆਰਡੀਨੈਂਸ 2020 ਨੂੰ ਰਾਸ਼ਟਰਪਤੀ ਨੇ 5 ਜੂਨ ਨੂੰ ਮਨਜੂਰੀ ਦੇ ਕੇ 1961 ਵਿਚ ਬਣੇ ਖੇਤੀ ਉਤਪਾਦਨ ਮਾਰਕੀਟ ਕਮੇਟੀ ਐਕਟ ਅਧੀਨ ਚੱਲ ਰਹੀਆਂ ਪੰਜਾਬ ਵਿਚ 1873 ਖੇਤੀ ਮੰਡੀਆਂ ਦਾ ਢਾਂਚਾ ਤੋੜਨ ਅਤੇ ਕਾਰਪੋਰੇਟ ਕੰਪਨੀਆਂ ਨੂੰ ਕਿਸਾਨਾਂ ਪਾਸੋਂ ਬਗੈਰ ਕੋਈ ਮੰਡੀ ਟੈਕਸ ਭਰੇ ਸਿੱਧੀ ਫਸਲ ਖਰੀਦਣ ਤੇ ਕੰਟਰੈਕਟ ਫ਼ਾਰਮਿੰਗ ਰਾਹੀਂ ਜ਼ਮੀਨਾਂ 'ਤੇ ਕਬਜ਼ਾ ਕਰਨ ਦਾ ਰਾਹ ਖੁਲ੍ਹਣ ਵਿਰੁਧ ਕਿਸਾਨਾਂ ਮਜ਼ਦੂਰਾਂ, ਬੀਬੀਆਂ ਵਲੋਂ ਅੱਜ ਡੀ.ਸੀ. ਫ਼ਿਰੋਜ਼ਪੁਰ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿਤਾ ਤੇ ਪ੍ਰਧਾਨ ਮੰਤਰੀ ਦੇ ਨਾਮ ਡੀਸੀ ਰਾਹੀਂ ਮੰਗ ਪੱਤਰ ਭੇਜੇ ਗਏ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ ਤੇ ਰਣਬੀਰ ਸਿੰਘ ਠੱਠਾ ਨੇ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਉਕਤ ਪਾਸ ਕੀਤੇ ਐਕਟ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਦਾ ਖਰੜਾ ਤੁਰੰਤ ਰੱਦ ਕਰਨ ਦੀ ਚੇਤਾਵਨੀ ਦਿੰਦਿਆ ਐਲਾਨ ਕੀਤਾ ਕਿ 10 ਜੂਨ ਤੋਂ 20 ਜੂਨ ਤੱਕ ਅਕਾਲੀ ਦਲ, ਭਾਜਪਾ ਗਠਜੋੜ ਤੇ ਕੈਪਟਨ ਸਰਕਾਰ ਵਿਰੁਧ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਵਿਚ ਪੁਤਲੇ ਫੂਕ ਰੋਸ ਮੁਜਾਹਰੇ ਕੀਤੇ ਜਾਣਗੇ ਤੇ 21 ਜੂਨ ਨੂੰ ਸੂਬਾ ਕਮੇਟੀ ਦੀ ਮੀਟਿੰਗ ਸੱਦ ਲਈ ਗਈ ਹੈ। ਜਿਸ ਵਿਚ ਆਰ ਪਾਰ ਦੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਨਰਿੰਦਰਪਾਲ ਸਿੰਘ ਜਤਾਲਾ, ਧਰਮ ਸਿੰਘ ਸਿੱਧੂ, ਸੁਖਵੰਤ ਸਿੰਘ ਲੋਹੁਕਾ, ਅਮਨਦੀਪ ਸਿੰਘ ਕੱਚਰਭੰਨ, ਰਣਜੀਤ ਸਿੰਘ ਖੱਚਰਵਾਲਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਬਲਵਿੰਦਰ ਸਿੰਘ ਪੰਨੂੰ, ਗੁਰਨਾਮ ਸਿੰਘ ਅਲੀਕੇ, ਗੁਰਬਖਸ਼ ਸਿੰਘ ਪੰਜ ਗਰਾਈ, ਸੁਰਿੰਦਰ ਸਿੰਘ, ਅੰਗਰੇਜ ਸਿੰਘ ਬੂਟੇ ਵਾਲਾ, ਹਰਫੂਲ ਸਿੰਘ ਦੂਲੇਵਾਲਾ, ਮੰਗਲ ਸਿੰਘ ਗੁੱਦੜਢੰਡੀ, ਗੁਰਦਿਆਲ ਸਿੰਘ ਟਿੱਬੀ ਕਲਾਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।