
'ਆਡ-ਈਵਨ' ਵਿਵਸਥਾ ਨਾਲ ਖੁਲ੍ਹੇ ਬਾਜ਼ਾਰ, ਮੈਟਰੋ ਸੇਵਾ ਬਹਾਲ
ਨਵੀਂ ਦਿੱਲੀ, 7 ਜੂਨ : ਕੋਰੋਨਾ ਦੀ ਵਿਨਾਸ਼ਕਾਰੀ ਦੂਜੀ ਲਹਿਰ ਨਾਲ ਪ੍ਰਭਾਵਤ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਮਵਾਰ ਨੂੰ ਹਾਲਾਤ ਆਮ ਵਰਗੇ ਹੋਣੇ ਸ਼ੁਰੂ ਹੁੰਦੇ ਨਜ਼ਰ ਆਏ ਜਦੋਂ ਦੋ ਮਹੀਨਿਆਂ ਬਾਅਦ ਬਾਜ਼ਾਰ ਅਤੇ ਮਾਲ 'ਆਡ-ਈਵਨ' ਵਿਵਸਥਾ ਨਾਲ ਫਿਰ ਤੋਂ ਖੁਲ੍ਹੇ, ਉਥੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਣ ਲਈ ਪੂਰੀ ਤਰ੍ਹਾਂ ਸੁਚੇਤ ਰਹਿਣ | ਕੋਰੋਨਾ ਵਾਇਰਸ ਦੀ ਮੱਠੀ ਰਫ਼ਤਾਰ ਮਗਰੋਂ ਸੋਮਵਾਰ ਨੂੰ ਦਿੱਲੀ ਮੈਟਰੋ ਸੇਵਾ ਬਹਾਲ ਕਰ ਦਿਤੀ ਗੲ | ਮੈਟਰੋ ਸੇਵਾ ਕਰੀਬ 3 ਹਫ਼ਤਿਆਂ ਬਾਅਦ ਬਹਾਲ ਕੀਤੀ ਗਈ ਹੈ | ਅਧਿਕਾਰੀਆਂ ਨੇ ਦਸਿਆ ਕਿ ਮੈਟਰੋ ਵਿਚ ਉਸ ਦੀ ਸਮਰਥਾ ਦੇ 50 ਫ਼ੀਸਦ ਯਾਤਰੀ ਹੀ ਬੈਠ ਸਕਣਗੇ ਅਤੇ ਖੜੇ ਹੋ ਕੇ ਯਾਤਰਾ ਕਰਨ ਦੀ ਆਗਿਆ ਨਹੀਂ ਹੋਵੇਗੀ | ਮੈਟਰੋ ਦੀਆਂ ਵੱਖ-ਵੱਖ ਲਾਈਨਾਂ 'ਤੇ ਸਿਰਫ਼ ਅੱਧੀਆਂ ਰੇਲਾਂ ਦਾ ਹੀ ਸੰਚਾਲਨ ਕੀਤਾ ਜਾਵੇਗਾ ਅਤੇ ਹਰ 5 ਤੋਂ 15 ਮਿੰਟ ਦੇ ਵਕਫ਼ੇ 'ਤੇ ਮੈਟਰੋ ਮਿਲੇਗੀ |
ਸ਼ਰਾਬ ਦੇ ਠੇਕਿਆਂ ਸਮੇਤ ਸਾਰੀਆਂ ਦੁਕਾਨਾਂ ਅਤੇ ਮੁਹੱਲਿਆਂ ਦੀਆਂ ਦੁਕਾਨਾਂ ਵੀ ਖੁਲ੍ਹਣ ਲੱਗੀਆਂ ਹਨ ਪਰ ਸਿਨਮਾ, ਥੀਏਟਰ, ਰੈਸਤਰਾਂ (ਹੋਮ ਡਲੀਵਰੀ ਨੂੰ ਛੱਡ ਕੇ), ਬਾਰ, ਜਿਮ, ਸਪਾਅ, ਨਾਈ ਦੀਆਂ ਦੁਕਾਨਾਂ, ਸੈਲੂਨ, ਬਿਊਟੀ ਪਾਰਲਰ ਅਤੇ ਹਫ਼ਤਾਵਾਰੀ ਬਾਜ਼ਾਰ ਅਗਲੇ ਹੁਕਮ ਤਕ ਬੰਦ ਰਹਿਣਗੇ |
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਨਲਾਕ ਦੀ ਪ੍ਰਕਿਰਿਆ ਤਹਿਤ ਲੋਕਾਂ ਨੂੰ ਕੋਵਿਡ ਨਿਯਮਾਂ ਤਹਿਤ ਵਤੀਰਾ ਕਰਨ ਦੀ ਅਪੀਲ ਕੀਤੀ ਹੈ |
ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,''ਦਿੱਲੀ 'ਚ ਕਈ ਗਤੀਵਿਧੀਆਂ ਫਿਰ ਤੋਂ ਸ਼ੁਰੂ ਹੋ ਰਹੀਆਂ ਹਨ ਪਰ ਕੋਰੋਨਾ ਤੋਂ ਬਚਾਅ ਲਈ ਸਾਰੀਆਂ ਸਾਵਧਾਨੀਆਂ ਵਰਤੋਂ ਤੇ ਮਾਸਕ ਪਹਿਨੋ, ਸਮਾਜਕ ਦੂਰੀ ਬਣਾ ਕੇ ਰੱਖੋ ਅਤੇ ਹੱਥ ਧੋਂਦੇ ਰਹੋ, ਬਿਲਕੁਲ ਢਿਲ ਨਹੀਂ ਵਰਤਣੀ | ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚ ਕੇ ਵੀ ਰਹਿਣਾ ਹੈ ਅਤੇ ਅਰਥਵਿਵਸਥਾ ਨੂੰ ਫਿਰ ਤੋਂ ਪਟੜੀ 'ਤੇ ਵੀ ਲਿਆਉਣਾ ਹੈ | (ਪੀਟੀਆਈ)